Wednesday, November 25, 2009

'ਸਿੱਧੂ' ਦੇ ਗਧੇ

'ਸਿੱਧੂ' ਦੇ ਗਧੇ

ਏਧਰ ਵੀ ਗਧੇ ਨੇ ਤੇ ਓਧਰ ਵੀ ਗਧੇ ਨੇ
ਜਿਧਰ ਦੇਖਦਾ ਹਾਂ ਗਧੇ ਹੀ ਗਧੇ ਨੇ
ਗਧੇ ਹੱਸ ਰਹੇ ਨੇ, ਆਦਮੀ ਰੋ ਰਿਹਾ ਹੈ
ਹਿੰਦੋਸਤਾਨ 'ਚ ਇਹ ਕੀ ਹੋ ਰਿਹਾ ਹੈ?
ਇਹ 'ਚੰਡੀਗੜ੍ਹ', 'ਦਿੱਲੀ', ਸਭ ਗਧਿਆਂ ਲਈ ਨੇ
'ਸਕਾਚ' ਤੇ 'ਚਿੱਲੀ', ਸਭ ਗਧਿਆਂ ਲਈ ਨੇ
ਆਦਮੀ ਨੂੰ ਮਿਲਦਾ ਨਾ ਦੋ ਵਕਤ ਖਾਣਾ
ਗਧਿਆਂ ਦੇ ਪਾਇਆ ਹੈ ਰੇਸ਼ਮੀ ਬਾਣਾ
ਜੋ ਸੜਕਾਂ ਤੇ ਡੋਲੇ, ਉਹ ਕੱਚਾ ਗਧਾ ਹੈ
ਜੋ ਟੀ.ਵੀ. ਤੇ ਬੋਲੇ, ਉਹ ਪੱਕਾ ਗਧਾ ਹੈ
ਜੋ ਖੇਤਾਂ 'ਚ ਰੁਲਦਾ, ਉਹ ਫਸਲੀ ਗਧਾ ਹੈ
ਜੋ ਬੋਲੇ ਵੀ 'ਮੁੱਲ ਦਾ' ਉਹ ਅਸਲੀ ਗਧਾ ਹੈ
'ਸਿੱਧੂ' ਦੇ ਸਾਇਕਲ ਦੀ ਤਾਂ ਟੱਲੀ ਵੀ ਨਾ ਵੱਜੇ
ਗਧੇ ਲੇ ਕੇ AUDI, ਦੇਖੋ ਜਾਣ ਭੱਜੇ
ਮੈਨੂੰ ਮਾਫ ਕਰਿਓ ਮੈਂ ਭਟਕਿਆ ਹੋਇਆ ਸੀ
ਇੱਕ ਰੋਸ ਸੀ ਅੰਦਰ, ਜੋ ਅਟਕਿਆ ਹੋਇਆ ਸੀ
ਸੁੱਖ ਸਿੱਧੂ

Tuesday, November 24, 2009

ਸੁਰਮੇਦਾਨੀ- ਫੁਲਕਾਰੀ

ਈਸ਼ਵਰ ਦਿਆਲ ਗੌੜ

ਲੋਕ ਹੁਨਰ ਦੀ ਜਿੰਦ ਜਾਨ
ਫੁਲਕਾਰੀ
ਸ਼ਗਨਾ ਵਾਲੇ ਰੰਗਾਂ 'ਚ ਲਿਪਟੀ
ਆਪਣੀ ਧਰਤੀ ਦੇ ਗੀਤ ਗਾਉਂਦੀ
ਰੀਝਾਂ ਤੇ ਸੱਧਰਾਂ ਦਾ ਸਫਰ ਕਰਦੀ
ਇੱਕ ਸੁਰਾਂਗਲ ਕੁੜੀ ਦਾ ਨਾਓਂ ਸੀ
ਜਿਸਦੇ ਰੂਪ ਰੰਗ ਦਾ ਕੋਈ ਸਾਨੀ ਨਹੀਂ ਸੀ
ਉਂਝ ਬਾਗ, ਚੋਪ, ਸੁੱਬਰ
ਤਿਲ ਪੱਤਰਾ, ਨੀਲਕ,
ਘੁੰਗਟਬਾਗ ਤੇ ਛੱਮਾਸ ਵੀ
ਫੁਲਕਾਰੀ ਦੀਆਂ ਸਾਥਣਾਂ ਸਨ
ਪਰ ਫੁਲਕਾਰੀ ਤਾਂ ਫੁਲਕਾਰੀ ਹੀ ਸੀ

ਸਿਆਣੇ ਆਖਦੇ ਨੇ
ਕਿ ਇਹ ਮੱਧ ਏਸ਼ੀਆ ਦੇ ਖਾਨਾਂ ਬਦੋਸ਼
ਜੱਟਾਂ ਤੇ ਗੁੱਜ਼ਰਾਂ ਦੀ ਧੀ ਝਨਾਂ ਵਿੱਚ ਨਹਾਉਂਦੀ
ਸਿੰਧ, ਰਾਵੀ, ਸਤਿਲੁਜ, ਬਿਆਸ ਦੇ ਪੱਤਣਾਂ ਤੇ ਖੇਡਦੀ
ਦੁਆਬੇ ਦੀਆਂ ਅੰਬੀਆਂ ਚੂਪਦੀ
ਟਿੱਬਿਆਂ ਉੱਤੇ ਟੱਪਦੀ
ਮਾਲਵੇ ਦੀਆਂ ਕਾਲੀਆਂ ਰੋਹੀਆਂ ਦੀ ਰੂਹ ਸੀ

ਗੁਲਕਾਰੀ ਤੋਂ ਫੁਲਕਾਰੀ ਨਾਉਂ ਇਸਦਾ
ਅੰਤਾਂ ਦਾ ਮਕਬੂਲ ਹੋਇਆ
ਤੇ ਲੋਕ ਗੀਤ ਬਣ ਗਿਆ
ਜੋ ਪਿਆਰ, ਉਮੰਗ, ਖੈਰ, ਦੁਆ ਤੇ ਆਮੀਨ
ਦੇ ਸੁਰਾਂ ਤੇ ਥਿਰਕਦਾ ਸੀ।
ਧੀਰਜ ਅਤੇ ਸਹਿਜਤਾ
ਫੁਲਕਾਰੀ ਦੇ ਪੈਰ ਸਨ
ਫੁਲਕਾਰੀ ਨੂੰ ਕੱਢਦੇ ਕੱਢਦੇ
ਸਾਹਾਂ ਦੀ ਫੁਲਕਾਰੀ
ਆਪਣੇ ਜੀਵਨ ਦੇ ਤੋਪਿਆਂ 'ਚ ਰੁਝ ਜਾਂਦੀ
ਵਰ੍ਹਿਆਂ ਦੀ ਤੱਪਸਿਆ ਬਾਅਦ
ਫੁਲਕਾਰੀ ਆਪਣੇ ਹੁਸਨ ਵਿੱਚ
ਰੂਹ ਫੂਕਣ ਦੇ ਕਾਬਲ ਹੁੰਦੀ
ਇਸ ਉੱਤੇ ਕੱਢੀਆਂ ਬੂਟੀਆਂ ਅਤੇ ਚਿੱਤਰ
ਸੁਰਾਂਗਲ ਕੁੜੀ ਦੀ ਰੰਗ-ਸੂਝ, ਰੰਗ-ਮੇਲ,
ਕਲਪਨਾਂ ਦੀ ਉਡਾਣ ਤੇ ਮੌਲਿਕਤਾ
ਦੇ ਚਸ਼ਮਦੀਦ ਗਵਾਹ ਹੁੰਦੇ ਸਨ।

ਕਿਸੇ ਇੱਕ ਰੰਗ ਦੀ ਸ਼ੁਦੈਣ ਦਾ ਨਾਂ
ਫੁਲਕਾਰੀ ਨਹੀਂ ਸੀ
ਇਹ ਤਾਂ ਰੰਗ-ਬਰੰਗੇ ਸੂਟਾਂ ਦੀ ਸ਼ੌਕੀਨ ਮਜਾਜਣ
ਸੱਤ-ਰੰਗੀ ਪੀਂਘ ਸੰਗ
ਆਸਮਾਨ ਜਿੱਡੇ ਉੱਚੇ ਹੁਲਾਰੇ ਲੈਂਦੀ
ਰਲੋਟਣ,ਹਸੂੰ ਹਸੂੰ ਕਰਦੀ ਲਰਜ਼ਦੀ
ਪਾਣੀ ਦੀ ਭਰੀ ਗਾਗਰ
ਪੰਜ-ਆਬਾਂ ਦੀ ਮੁਟਿਆਰ ਵਰਗੀ ਹੁੰਦੀ ਸੀ

ਫੁਲਕਾਰੀਸੁਹੱਪਣ ਦੀ ਸ਼ਿਖਰ
ਆਪਣੇ ਸੂਹੇ ਰੁਖਸਾਰਾਂ ਨੂੰ ਰੇਸ਼ਮੀ ਕਲਫ ਨਾਲ
ਵੀ ਸਜਾਉਂਦੀ
ਟੋਕ ਦੀ ਸ਼ਰਾਰਤ ਤੋਂ ਜਾਣੂ ਜੋ ਹੁੰਦੀ ਸੀ।

ਪਰ ਫੁਲਕਾਰੀ ਨਜ਼ਰ ਲੱਗਣ ਤੋਂ ਬਚ ਨਾ ਸਕੀ
ਅਨੇਕਾਂ ਵਾਰ ਇਸਦਾ
ਲਾਚੀਆਂ ਦਾ ਬਾਗ ਉੱਜੜਿਆ
ਪੰਜ ਦਰਿਆਵਾਂ ਦੀ ਲਾਡੋ
ਲੀਰੋ ਲੀਰ ਵੀ ਹੋਈ
ਸ਼ੈਤਾਨ ਰਾਹਾਂ ਨੇ
ਇਸਦੇ ਪੈਰਾਂ ਤੋਂ
ਇਸਦੀ ਤੋਰ ਖੋਹ ਲਈ
ਪਰ ਇਹ ਸਿਆਣੀ ਸੀ
ਹੌਲੇ ਹੌਲੇ
ਆਪਣੇ ਰੰਗਾਂ ਨੂੰ ਫਿੱਟਣ ਤੋਂ ਬਚਾਉਂਦੀ ਨੇ
ਤੇਜ਼ਾਬ ਦੇ ਬੋਸਿਆਂ ਤੋਂ ਡਰਦੀ ਨੇ
ਆਪਣੇ ਆਪ ਨੂੰ ਆਪਣੀ ਮਾਂ ਦੇ ਸੰਦੂਕ 'ਚ ਲੁਕੋ ਲਿਆ
ਤੇ ਫੇਰ ਮੁੱਦਤਾਂ ਬੀਤ ਗਈਆਂ
ਫੁਲਕਾਰੀ ਨੂੰ ਨੀਂਦ ਆ ਗਈ
ਇੱਕ ਦਿਨ ਅੱਖ ਖੁੱਲੀ,
ਫੁਲਕਾਰੀ ਨੇ
ਸੰਦੂਕ ਦੀਆਂ ਝੀਥਾਂ ਚੋਂ ਬਾਹਰ ਝਾਤ ਮਾਰੀ
ਵੇਖਿਆ ਕਿ ਸਭ ਕੁਝ ਬਦਲ ਗਿਆ ਸੀ
ਸੂਈ, ਧਾਗਾ, ਰੰਗ, ਹੋਰ ਬਹੁਤ ਕੁਝ
ਵਿਹੜੇ 'ਚ ਨਹੀਂ
ਸਭ ਸੰਦੂਕ ਅੰਦਰ ਕੈਦ ਸਨ
ਸਾਹਮਣੇ ਕੰਧ ਤੇ
ਉਸਦੀ ਆਪਣੀ ਹੀ ਤਸਵੀਰ ਟੰਗੀ ਹੋਈ ਸੀ
ਉਸਦੇ ਗਲ 'ਚ ਫੁੱਲਾਂ ਦੀ ਮਾਲਾ ਲਟਕ ਰਹੀ ਸੀ।

Tuesday, November 17, 2009

ਸੁਰਮੇਦਾਨੀ- ਖੂਹ

ਈਸ਼ਵਰ ਦਿਆਲ ਗੌੜ

ਅੰਨ-ਜਲ
ਦੁੱਧ-ਪੁੱਤ
ਖੂਹ 'ਚ ਗੋਤਾ ਮਾਰ ਕੇ ਹੀ
ਸਿਰਜੇ ਜਾਂਦੇ ਨੇ
ਆਪਣੀ ਹੀ ਮਿੱਟੀ ਦੀ ਅਥਾਹ ਗਹਿਰਾਈ
ਕੁੱਖ, ਖੂਹ ਤਾਂ ਜੀਵਨ ਦੇ ਜ਼ਖੀਰੇ ਹੁੰਦੇ ਨੇ
ਪੁੱਤਾਂ ਨੂੰ ਪਾਲਦੇ ਨੇ
ਮਾਰੂਥਲ ਦੇ ਮੁਕੱਦਰ
ਤਾਂ ਕੇਵਲ ਸੁਪਨਿਆਂ 'ਚ ਹੀ
ਖੂਹਾਂ ਦੀਆਂ ਮੌਣਾ ਤੇ ਖੇਲਦੇ ਨੇ

ਗੂੰਜ ਤਾਂ ਗਹਿਰਾਈ ;ਚੋਂ ਹੀ ਉੱਠਦੀ ਹੈ

ਖੂਹ ਦੀ ਮੌਣ

ਖਵਾਜ਼ਾ ਪੀਰ ਦਾ ਪਾਕੀਜ਼ ਦਰ ਹੁੰਦੀ ਹੈ
ਤਿੱਥ ਤਿਉਹਾਰ ਤੇ
ਸੁਭਾਗੇ ਕਾਰਜ ਵੇਲੇ
ਇਸ ਪਾਕ ਦੇਹਲੀ ਤੇ
ਅਨੇਕਾਂ ਚਿਰਾਗ ਸੰਗਤ
ਦੇ ਸਿਰ ਤੇ ਪਲਾਥੀ ਮਾਰ ਕੇ
ਖਵਾਜ਼ਾ ਪੀਰ ਦੀ ਆਰਤੀ ਉਤਾਰਦੇ ਨੇ
ਤਮਾਮ ਉਮਰ ਭਰ ਦਾ ਸਿਜਦਾ

ਚੱਕ ਵਰਗੇ ਜਤੀ ਸਤੀ ਹੀ
ਖੂਹ ਦੀ ਗਹਿਰਾਈ ਵਿੱਚ ਉੱਤਰ ਕੇ ਕਰਦੇ ਨੇ

ਖੂਹ 'ਚ ਗੋਤੇ ਦੀ ਲਾਲਸਾ ਨੇ
ਲੂਣਾ ਨੂੰ ਸ਼ੁਦੈਣ ਬਣਾ ਦਿੱਤਾ ਸੀ

ਵਰਨਾ ਪੂਰਨ ਨੂੰ ਕੌਣਖੂਹ 'ਚ ਉਤਾਰਦਾ ਸੀ?




ਰਾਤ ਨੂੰ ਫਲਕ ਤੋਂ ਚੰਨ ਨਿਖਰਣ ਲਈ
ਖੂਹ 'ਚ ਉੱਤਰ ਆਉਂਦੈ
ਝਨਾਂ ਤਾਂ ਡੋਬੂ ਛੱਲ ਦਾ ਨਾਂ ਹੈ
ਖੂਹ ਤਾਂ ਮਿੱਟੀ 'ਚ ਖੁੱਭ ਕੇ
ਜਿਉਣ ਦਾ ਜਨੂੰਨ ਐ!

ਖੂਹ ਦੀ ਗਹਿਰਾਈ
ਬੰਦੇ ਨੂੰ ਹਦੂਦ 'ਚ ਚੱਲਣਾ ਸਿਖਾਉਂਦੀ ਐ
ਭੁੱਖ, ਕਾਮ, ਕ੍ਰੋਧ, ਮੋਹ, ਦੇ ਖੂਹ 'ਚ ਡੁਬਿੱਆ ਮਾਨਸ
ਗਹਿਰਾ ਨਹੀਂ ਗਰਕ ਹੋ ਜਾਂਦੈ

ਖੂਹ ਦੀ ਮੌਣ ਤੇ
ਖੂਹ ਜਿੱਡਾ ਗਹਿਰਾ ਬਜ਼ੁਰਗ ਹੀ ਬੈਠਦੈ
ਜਾਂ ਖੁਹ ਜਿੰਨੀਆਂ ਗਹਿਰੀਆਂ ਅੱਖਾਂ
ਇਸਦੇ ਪੱਤਣਾ ਤੇ ਖਲੋ ਕੇ
ਸੁਰਮਾਂ ਪਾਉਂਦੀਆਂ ਨੇ
ਸੁਰਮੇਦਾਨੀ ਦੀ ਕੀ ਹਿੰਮਤ
ਕਿ ਖੂਹ ਵਰਗੀ ਅੱਖ ਨੂੰ ਭਰ ਦੇਵੇ।

ਪਿੰਡ ਦੀ ਜੂਹ ਤੋਂ ਬਾਹਰ ਖਲੋਤਾ ਖੂਹ
ਖੂਹ ਵਰਗੇ ਦਾਨੀ ਪੁਰਖ ਹੀ ਉਸਾਰਦੇ ਨੇ
ਪਿੰਡ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ
ਪਿੰਡ ਦੇ ਪਿੰਡੇ ਦੀ ਮਹਿਕ ਦਾ ਇਲਮ ਹੋ ਜਾਂਦੈ
ਪਾਂਧੀ ਬਿਨਾਂ ਭੈਅ ਤੋਂ
ਰਾਤ ਬਸਰ ਕਰ
ਸਵੇਰੇ ਆਪਣੇ ਪੈਂਡੇ ਤੇ ਤੁਰ ਪੈਂਦੇ ਹਨ
ਰਾਹਗੀਆਂ, ਮੁਸਾਫਿਰਾਂ ਦੇ ਪੜਾਅ ਹੁੰਦੇ ਨੇ ਖੂਹ
ਅਤੇ ਉਹਨਾਂ ਦੇ ਹਮਸਫਰ ਵੀ
ਖੂਹ ਨੂੰ ਭੁੱਲਣਾ
ਤਾਂ ਜੂਹ ਨੂੰ ਭੁੱਲਣੈ
ਖੁਹ ਤੋਂ ਜੁਦਾ ਹੋਣਾ
ਤਾਂ ਸਵੈ ਤੋਂ ਜੁਦਾ ਹੋਣੈ
ਸਵੈ ਤੋਂ ਜੁਦਾਈ
ਤਾਂ ਖੁਦਕੁਸ਼ੀ ਹੁੰਦੀ ਐ!

ਸੁਰਮੇਦਾਨੀ- ਗੁੜ

ਈਸ਼ਵਰ ਦਿਆਲ ਗੌੜ

ਆਮਦ ਤੇ ਆਗਾਜ਼ ਨੂੰ‌
ਪਹਿਲੀ 'ਜੀ ਆਇਆਂ' ਗੁੜ ਹੀ ਆਖਦੈ
ਗੁੜ ਦੀ ਹੀ ਅਸੀਸ ਲੈ ਕੇ
ਸ਼ਗਨ ਚਾਈਂ ਚਾਈਂ
ਘਰੋਂ ਬਾਹਰ ਨੂੰ ਟੁਰਦੇ ਨੇ
ਹਰ ਇੱਕ ਨੂੰ ਫਤਿਹ ਬੁਲਾਉਂਦੇ
ਮੁਬਾਰਕਬਾਦ ਦਿੰਦੇ
ਆਗਾਂਹ ਵਧਦੇ ਨੇ!
ਨਗਰ ਖੇੜੇ ਤੇ ਕੋੜਮੇ 'ਚ
ਕੁੱਖ ਚੋਂ ਵੱਜੀ ਕਿਲਕਾਰੀ ਦੀ ਖਬਰ
ਗੁੜ ਪਿੱਤਲ ਦੀ ਪਰਾਂਤ 'ਚ ਬਹਿ ਕੇ
ਆਪ ਘਰ ਘਰ ਜਾ ਕੇ ਨਸ਼ਰ ਕਰਦੈ
ਕਰੂੰਬਲ ਨੂੰ
ਆਪਣੀ ਗੁੜਤੀ ਤੇ ਗੁਦੜੀ
ਦੇ ਨਿੱਘ ਨਾਲ ਪਾਲਦੈ

ਗੁੜ ਤੋਂ ਅਸੀਸ ਲੈ ਕੇ ਹੀ
ਸੱਜਰੀ ਸਰਬੰਦ ਘੋੜੀ ਚੜਦੀ ਹੈ
ਸੁੱਚੇ ਗੋਟੇ ਵਾਲੇ ਸੂਹੇ ਸਿਰਕੇ ਦਾ
ਪੱਲਾ ਫੜ
ਗੁੜ ਉਸਨੂੰ
ਦਹਿਲੀਜ਼ ਤੇ ਖਲੋਤੇ ਨੂੰ
ਖੁਸ਼ਆਮਦੀਦ ਆਖਦੈ
ਅੰਦਰ ਅਦਬ ਨਾਲ ਬਿਠਾਉਂਦੈ।

ਗੁੜ ਵਿਦਾ ਹੁੰਦੇ ਦਾ ਮੂੰਹ ਮਿੱਠਾ ਕਰਵਾ ਕੇ
'ਰੁਖਸਤ' ਦੀ ਸਲਾਮਤੀ ਦੇ
ਸ਼ਗਨ ਮਨਾਉਂਦੈ
ਵਿਦਾਇਗੀ ਦੀ ਜ਼ੁਬਾਨ ਤੇ
ਮਿਠਾਸ ਨੂੰ ਬਿਠਾ ਕੇ
ਉਸਦੀ ਪੋਟਲੀ ਨਾਲ
ਆਪ ਸਫਰ ਕਰਦਾ
ਪੈਂਡੇ ਤੇ ਤੁਰਦੇ ਪੈਰਾਂ ਨੂੰ
ਡੋਲਣ ਨਹੀਂ ਦਿੰਦਾ।

ਖਮਰ ਤੇ ਖੁਮਾਰੀ
ਗੁੜ ਦੀਆਂ ਇੱਲਤਾਂ ਨੇ
ਜੋ ਕੇ ਉਹ ਕਿੱਕਰ ਦੇ ਸੱਕ
ਤੇ ਸੌਂਫ ਨਾਲ ਮਿਲਕੇ
ਲੁੱਕ ਲੁੱਕ ਕੇ
ਪਤਾਲ 'ਚ ਕਰਦੈ।

ਗੁਲਗੁਲਿਆਂ ਦਾ ਪ੍ਰਸ਼ਾਦ

ਸੰਗਤਾਂ 'ਚ ਵਰਤਾਅ ਕੇ

ਰੁੱਸੇ ਅੰਬਰਾਂ ਨੂੰ

ਮਨਾਉਣ ਦਾ ਇਲਮ

ਇਸ ਲਾਖੇ ਝੱਗੇ ਵਾਲੇ

ਮਿੱਠੇ ਫੱਕਰ ਸ਼ਾਹ ਕੋਲ ਹੀ ਐ।

ਇਸ਼ਕ ਦੀ ਤਬੀਅਤ ਦਾ ਰੰਗ

ਇਹ ਸੂਫੀ ਗੁੜ ਹੀ ਦੱਸ ਸਕਦੈ

ਇਸਦੀ ਮਿਠਾਸ ਦਾ ਰੰਗ ਕਦੇ ਵੀ

ਬਦਰੰਗ ਨਹੀਂ ਹੁੰਦਾ

ਗੁੜ ਮਿਠਾਸ ਦਾ ਲਿਬਾਸ ਨਹੀਂ ਪਾਉਂਦਾ

ਇਸਦੀ ਤਾਂ ਦੇਹ ਹੀ ਸ਼ਰਬਤ ਦੀ ਬਣੀ ਹੁੰਦੀ ਐ

ਸ਼ੱਕਰ, ਖੰਡ ਤੇ ਬੂਰਾ

ਇਸੇ ਸ਼ਰਬਤੀ ਬਾਬੇ ਦੀਆਂ ਜਾਨਸ਼ੀਨ ਨੇ।

ਗੁੜ ਮੋਹ 'ਚ ਗੜੁੱਚ

ਲੋਰੀ ਵਰਗਾ ਗੀਤ ਹੁੰਦੈ।

ਸੁਰਮੇਦਾਨੀ- ਗੁਹਾਰਾ

ਈਸ਼ਵਰ ਦਿਆਲ ਗੌੜ

ਸੁੱਘੜ ਤੇ ਸੁੱਚਜੀ ਨਾਰ ਦੇ ਹੱਥਾਂ ਤੇ ਹੀ
ਅੱਗ ਦੀਆਂ ਸਹੇਲੀਆਂ
ਪਾਥੀਆਂ ਦੀ ਪੈਦਾਇਸ਼ ਹੋਈ
ਤੇ ਫੇਰ
ਰਕਾਣ ਹੱਥਾਂ ਨੇ ਆਪਣੇ ਨਖਰੇ ਵਰਗਾ
ਪਾਥੀਆਂ ਦਾ ਇੱਕ
ਨੁਕੀਲਾ ਅੰਬਰ ਨਾਲ ਗੱਲਾਂ ਕਰਦਾ
ਟਿੱਲਾ ਉਸਾਰਿਆ
ਜਿਸਨੂੰ ਉਹਨਾਂ ਲਿੱਪ ਸੰਵਾਰ ਕੇ
ਸ਼ਰਾਰੇ ਨਾਲ ਕੱਜ ਦਿੱਤਾ
ਪਾਥੀਆਂ ਦੇ ਇਸ ਅੰਬਾਰ ਨੂੰ
ਰਕਾਣ ਮੁਟਿਆਰ ਨੇ
ਗੁਹਾਰਾ ਆਖਿਆ।

ਕਲਸ ਤੇ ਕੁੱਖ ਵਰਗਾ ਸੁੱਚਾ
ਬਾਹਰ ਨਿਆਂਈਆਂ 'ਚ ਖਲੋਤਾ
ਗੁਹਾਰਾ ਤਾਂ ਪਿੰਡ ਦਾ ਭਾਗ ਹੁੰਦੈ
ਰੱਜਦੇ ਪੁੱਜਦੇ ਘਰ ਦੇ ਦਰਵਾਜ਼ੇ 'ਚ
ਬੈਠੇ ਬਜ਼ੁਰਗ ਵਰਗਾ ਗਹਿਰਾ ਹੁੰਦੈ

ਪਿੰਡ 'ਚ ਪੈਰ ਰੱਖਣ ਤੋਂ ਪਹਿਲਾਂ
ਰਾਹੀ ਗੁਹਾਰੇ ਨੂੰ ਹੀ ਮਿਲਦੈ
ਪਲ ਦੋ ਪਲ ਦੀ ਇਹ ਮੁਲਾਕਾਤ
ਪਿੰਡ ਦੇ ਮਿਜ਼ਾਜ਼ ਦਾ ਰੰਗ
ਅਜਨਬੀ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ
ਮੇਜ਼ਬਾਨੀ ਦੇ ਮਿਆਰ ਦਾ ਅੰਦਾਜ਼ਾ
ਗੁਹਾਰੇ ਦੇ ਨੁਕੀਲੇ ਕਲਸ ਤੋਂ ਹੀ ਹੋ ਜਾਂਦੈ
ਸਿਆਣਾ, ਸੁੱਘੜ, ਅਡੋਲ ਗੁਹਾਰਾ...

Monday, November 16, 2009

ਸੁਰਮੇਦਾਨੀ- ਪਹਾ

ਈਸ਼ਵਰ ਦਿਆਲ ਗੌੜ

ਪਹੇ ਨੇ ਪੈਰਾਂ ਨੂੰ
ਪੈੜਾਂ ਜਿੱਡਾ ਕੱਦਾਵਰ ਕਰ
ਪੈਰਾਂ ਦਾ ਇਤਿਹਾਸ ਸਿਰਜਿਆ

ਕਾਲੀਆਂ ਰੋਹੀਆਂ, ਸੈਂ ਸੈਂ ਕਰਦੇ ਜੰਗਲਾਂ
ਸੁੰਨੀਆਂ ਬੀੜਾਂ ਤੇ ਤਪਦੇ ਟਿੱਬਿਆਂ ਤੇ
ਭਟਕਦੇ ਘੁਮੱਕੜ ਪੈਰ
ਆਪਣੇ ਬਾਪੂ ਪਹੇ ਨੂੰ
ਕਈ ਸਦੀਆਂ ਤਲਾਸ਼ਦੇ ਰਹੇ
ਪਤਾ ਨਹੀਂ
ਕਿੰਨੀਆਂ ਹੀ ਹਾਕਾਂ, ਹੇਕਾਂ ਤੇ ਹੋਕਰੇ
ਉਨਾਂ ਪਹੇ ਦਾ ਥਹੁ ਪਤਾ ਲੱਭਣ ਲਈਮਾਰੇ ਹੋਣਗੇ!
ਅਵਾਰਾ ਪੈਰਾਂ ਦੀ ਉਂਗਲ ਫੜ
ਪਹਾ ਉਹਨਾਂ ਦਾ ਸਾਰਥੀ ਬਣ
ਉਹਨਾਂ ਦੇ ਨਾਲ ਤੁਰ ਪਿਆ
ਉਸਨੇ ਪੈਰਾਂ ਨੂੰ ਤੁਰਨ ਦਾ ਸਲੀਕਾ ਦੱਸਿਆ
ਪਹੇ ਦੀ ਸਰਪ੍ਰਸਤੀ ਹੇਠ
ਪੈਰ ਪੁਖਤਾ ਕਦਮ ਬਣ
ਸਫਰ ਦੇ ਸਫਲ ਸਵਾਰ ਹੋ ਗਏ
ਤੇ ਸਮੇਂ ਦੇ ਹਾਣ ਦੇ ਹੋ ਕੇ
ਪੈੜਾਂ ਅਖਵਾਉਣ ਲੱਗੇ।

ਪਹੇ ਨੇ ਪੈਰਾਂ ਦੀ ਪਰਵਰਿਸ਼ 'ਚ ਕੋਈ ਕਸਰ ਨਾ ਛੱਡੀ
ਉਹਨੇ ਆਪਣੇ ਵਿਹੜੇ 'ਚ ਰੁੱਖ ਲਾਏ
ਹੁਣ ਛਾਂ ਉਸ ਕੋਲ ਬੈਠਣ ਲੱਗੀ
ਤੇ ਪੈਰਾਂ ਦਾ ਸਫਰ ਸੁਖਾਵਾਂ ਹੋ ਗਿਆ

ਪਹੇ ਦੀਆਂ ਦਰਵੇਸ਼ ਧੀਆਂ
ਹਲਟੀ ਤੇ ਖੂਹੀ ਨੇ
ਬਾਬਲ ਦੇ ਵਿਹੜੇ 'ਚ ਝੂਮਦੇ ਰੁੱਖਾਂ ਤੇ
ਪੀਂਘਾਂ ਪਾ ਲਈਆਂ
ਸਫਰ ਤੇ ਸਵਾਰ ਪੈਰ
ਆਪਣੀਆਂ ਭੈਣਾ ਕੋਲ ਕੁਝ ਆਰਾਮ ਕਰਦੇ
ਤੇ ਫੇਰ ਆਪਣੇ ਪੈਂਡੇ ਨੂੰ ਤੁਰ ਪੈਂਦੇ
ਪਹੇ ਦੀਆਂ ਦੂਸਰੀਆਂ ਦੋ ਧੀਆਂ
ਪਗਡੰਡੀ ਤੇ ਬੀਹੀ ਨੇ
ਆਪਣੇ ਵੀਰਿਆਂ ਲਈ
ਘਰ ਪਰਤਣ ਦੇ ਰਾਹ ਸਾਫ ਸੁਥਰੇ ਤੇ ਪੱਧਰ ਕਰ ਦਿੱਤੇ।

ਬੇਜੁਬਾਨ ਲਾਸ਼ਾਂ ਵਰਗੀਆਂ ਸੜਕਾਂ ਅਤੇ
ਲੋਹੇ ਦੀਆਂ ਲੀਹਾਂ ਨੂੰ ਕੀ ਇਲਮ?
ਕਿ ਪੈਰ ਕਿਵੇਂ ਚਲਦੇ ਨੇ?
ਇਨਾਂ ਨੂੰ ਕੀ ਗਿਆਨ
ਕਿ ਲੰਮੀਆਂ ਲੰਮੀਆਂ ਪੁਲਾਂਘਾਂ
ਵਾਲੀ ਤੋਰ ਕੀ ਹੁੰਦੀ ਐ?
ਪੈਰਾਂ ਦੇ ਇਤਿਹਾਸ ਤੋਂ ਸੱਖਣੀਆਂ ਸੜਕਾਂ ਨੂੰ
ਪੈਰਾਂ ਦੀ ਹਿਰਨੀ, ਮੋਰਨੀ ਤੇ ਮੁਰਗਾਬੀ ਤੋਰ ਦਾ ਵੀ ਕੀ ਬੋਧ?

ਪਹੇ ਨੇ ਸਿਧਾਰਥ ਨੂੰ ਜੰਗਲਾਂ 'ਚ ਜਾਂਦੇ ਵੇਖਿਆ
ਤੇ ਬੁੱਧ ਬਣੇ ਨੂੰ
ਪਰਤਦੇ ਵੀ ਤੱਕਿਆ
ਪਹੇ ਦੇ ਰੋਮ ਰੋਮ ਨੇ
ਇਲਾਹੀ ਰਬਾਬ ਦਾ ਸਰਵਣ ਵੀ ਕੀਤਾ।

ਅਨੇਕਾਂ ਰੂਪ ਦੀਆਂ ਪਟਾਰੀਆਂ ਦੇ ਡੋਲ਼ੇ
ਪਹੇ ਤੇ ਰਹਿੰਦੀਆਂ ਹਲਟੀ ਤੇ ਖੂਹੀ ਦੀਆਂ ਮੌਣਾ ਤੇ ਰੁਕੇ
ਅਨੇਕਾਂ ਢੋਲੇ ਗਾਉਂਦੀਆਂ ਡਾਚੀਆਂ ਦੀਆਂ ਡਾਰਾਂ ਨੂੰ
ਬਾਬੇ ਪਹੇ ਨੇ ਰੱਜ ਕੇ ਨਿਹਾਰਿਆ

ਪਹਾ ਤਾਂ ਨਿਰੰਤਰ ਤੁਰਦਾ ਰਮਤਾ ਫੱਕਰ ਸੀ
ਮੁਹੱਬਤ ਦੇ ਇਸ ਕਾਸਦ ਨੂੰ
ਹਰ ਮੰਜਿਲ ਦਾ ਸਿਰਨਾਵਾਂ ਯਾਦ ਸੀ

ਮੰਜ਼ਿਲ ਦੇ ਨੇੜੇ ਅੱਪੜਦਿਆਂ ਹੀ
ਪਹਾ ਸਜਣਾ ਸ਼ੁਰੂ ਹੋ ਜਾਂਦਾ
ਇਸਦੀ ਖੇਸੀ ਦੀਆਂ ਕੰਨੀਆਂ ਲਿਸ਼ਕਣ ਲੱਗ ਜਾਂਦੀਆਂ
ਉਹਨਾਂ ਤੇ ਪਏ ਫੁੱਲ, ਬੇਲ, ਬੂਟੇ
ਆਪਣੀਆਂ ਧੌਣਾਂ ਚੁੱਕ ਚੁੱਕ
ਪਿੰਡ ਨੂੰ ਵੇਖਦੇ
ਹਸੂੰ ਹਸੂੰ ਕਰਦਾ
ਖਿੜੇ ਖਿੜੇ ਮੂੰਹ ਨਾਲ
ਪਹਾ, ਪੈਰਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾ ਕੇ ਹੀ
ਪਰਤਦਾ ਸੀ।
ਸਮਾਂ ਬੀਤਦਾ ਗਿਆ
ਚਲਦੇ ਪੈਰਾਂ ਨੇ
ਭੱਜਣਾ ਸ਼ੁਰੂ ਕਰ ਦਿੱਤਾ
ਉਹਨਾਂ ਦੀ ਚਾਲ ਵਿੱਚ ਤੇਜੀ ਆ ਗਈ
ਉਹ ਗੱਭਰੂ ਹੋ ਗਏ
ਪਹੇ ਤੋਂ ਲੰਮੇ ਹੋਏ
ਉਸਦੇ ਸਿਰ ਤੋਂ ਅਗਾਂਹ ਵੇਖਣ ਲੱਗੇ
ਪਹਾ ਸੁਪਨੇ ਸਿਰਜ ਰਿਹਾ ਸੀ
ਕਿ ਉਸਦੇ ਜਵਾਨ ਪੁੱਤ
ਉਸਨੂੰ ਬੜੀਆਂ ਰਸਮਾਂ ਨਾਲ
ਇਸ ਜੱਗ ਤੋਂ ਵਿਦਾ ਕਰਨਗੇ
ਉਸਦੀ ਮੋਈ ਦੇਹ ਨੂੰ ਸਿੱਲੀਆਂ ਅੱਖਾਂ ਨਾਲ ਦਾਗਣਗੇ
ਉਸਦੀ ਮਟੀ ਤੇ ਹਰ ਵਰੇ ਮੇਲਾ ਜੁੜਿਆ ਕਰੇਗਾ।
ਆਪਣੀ ਵਿਦਾਇਗੀ ਨੂੰ ਇਸ ਤਰਾਂ ਤਸੱਵਰ ਕਰਦਾ
ਜਦ ਬਿਰਧ ਪਹਾ ਖੰਘਿਆ
ਕਿ ਭੱਜਦੇ ਪੈਰਾਂ ਨੂੰ ਗੁੱਸਾ ਆ ਗਿਆ
ਖੰਘ ਨੇ ਉਹਨਾਂ ਦੀ ਭਾਜ ਵਿੱਚ ਖਲਲ ਪਾ ਦਿੱਤਾ
ਕ੍ਰੋਧ 'ਚ ਆਏ ਪੈਰਾਂ ਨੇ
ਜਿਉਂਦੇ ਪਹੇ ਤੇ ਹੀ
'ਕਾਲਾ ਕਫਨ' ਪਾ ਦਿੱਤਾ
ਰੋੜੀ ਤੇ ਲੁੱਕ ਦੀ ਉਹਨਾਂ
ਪਹੇ ਦੀ ਮੜੀ ਵੀ ਉਸਾਰ ਦਿੱਤੀ
ਛਾਂ ਵਾਂਗ ਥੱਲੇ ਵਿਛੇ ਪਿਉ ਨੂੰ ਦੇਖ
ਖੂਹੀ ਤੇ ਹਲਟੀ ਤਾਂ ਥਾਂਏ ਹੀ
ਗਸ਼ ਖਾ ਕੇ ਫੌਤ ਹੋ ਗਈਆਂ
ਪਗਡੰਡੀ ਤੇ ਬੀਹੀ ਨੂੰ
ਜਦ ਕੁਝ ਦਿਨਾ ਬਾਅਦ
ਇਸ ਅਣਹੋਣੀ ਦਾ ਸਮਾਚਾਰ ਮਿਲਿਆ
ਉਹ ਬ੍ਰਿਹਾ ਦੇ ਵਿਛੋੜੇ ਦੀ ਝੁੰਬ ਮਾਰ
ਵੈਣ ਪਾਉਂਦੀਆਂਪਤਾ ਨਹੀਂ ਕਿਧਰ ਚਲੀਆ ਗਈਆ..?

ਸੁਰਮੇਦਾਨੀ- ਟੋਭਾ

ਈਸ਼ਵਰ ਦਿਆਲ ਗੌੜ

ਦਰਿਆਵਾਂ ਦੀ ਗੋਦੀ ਵਿੱਚ ਬੈਠ ਕੇ
ਮਨੁੱਖ ਨੇ ਤਰਨਾਂ ਸਿੱਖਿਆ
ਪਰ ਪੈਰਾਂ ਨੂੰ ਤੁਰਨ ਦਾ ਚੱਜ
'ਟੋਭੇ' ਦੀ ਮੁਰਗਾਬੀ ਤੋਰ ਨੇ ਹੀ ਦੱਸਿਆ
'ਟੋਭਾ' ਮਹਿਜ਼
ਆਬ ਦੇ ਭਰੇ ਕਿਸੇ ਟੋਏ ਦਾ ਨਾਂ ਨਹੀਂ ਹੁੰਦਾ
ਚੰਨ ਨਾਲ ਕਲੋਲਾਂ ਕਰਦੀਆਂ ਸਮੁੰਦਰੀ ਤਰੰਗਾਂ ਨੂੰ
ਸੇਵਾ 'ਚ ਗਲਤਾਨ 'ਟੋਭਾ'
ਸ਼ਾਇਦ ਗਾਦ ਤੇ ਜਿਲਬ 'ਚ ਡੁੱਬੀ
ਲਵਾਰਸ ਲਾਸ਼ ਲਗਦੀ ਹੋਵੇ
ਪਰ 'ਟੋਭਾ' ਤਾਂ ਪਿੱਪਲ ਦੇ ਰੁੱਖ ਹੇਠ
ਬੈਠਾ ਉਹ ਅਲਮਸਤ ਸੂਫੀ ਹੈ
ਜੋ ਵਸਲ ਦੇ ਗੀਤ ਗਾਉਂਦੈ
ਜਿਸਦੀ ਰਬਾਬ ਮਿੱਟੀ ਦੀ ਉਮਰ ਦਾ ਇਤਿਹਾਸ
ਮਿੱਟੀ ਦੀ ਬੋਲੀ ਵਿੱਚ ਅਲਾਪਦੀ ਹੈ
ਅੱਧੀ ਰਾਤ ਦਾ ਲਾਹਾ ਤੱਕ ਕੇ
ਚਤੁਰ ਰਾਜ 'ਟੋਭੇ' ਚੋਂ ਸਿਰੋਂ ਉੱਚੀ
ਕੰਧ ਕੱਢ ਗਿਆ
ਇੱਕ ਫੱਕਰ ਦੀ ਕੁੱਲੀ ਦੀ
ਛੱਤ ਦੀ ਲਟੈਣ ਨੂੰ
ਸ਼ੈਤਾਨ ਲੱਕੜਹਾਰਾ ਦੋਫਾੜ ਕਰ ਗਿਆ
ਇੱਕੋ ਢਾਬ ਦੇ ਕਿਨਾਰੇ
ਟਹਿਕਦੇ ਦੋ ਬਰੋਟੇ
ਵੱਖ ਵੱਖ ਰਾਹਾਂ ਤੇ ਤੁਰ ਪਏ

ਦਰਿਆਵਾਂ ਦਾ ਕੀ ਸੀ!
ਸ਼ੂਕਦੇ ਸ਼ੂਕਦੇ ਅਗਾਂਹ ਨਿਕਲ ਗਏ

'ਟੋਭਾ' ਤਾਂ ਸਾਰੀ ਰਾਤ ਕੰਬਦਾ ਰਿਹਾ
ਥਰ ਥਰਾਉਂਦਾ ਰਿਹਾ

'ਟੋਭੇ' ਦੇ ਢਿੱਡ 'ਚੋਂ
ਮਿੱਟੀ ਕੱਢ ਕੱਢ ਕੇ
ਖਾਨਾਬਦੋਸ਼ ਮਨੁੱਖ ਨੇ ਆਪਣੇ ਵਸੇਬੇਂ ਉਸਾਰੇ
ਕੰਧਾਂ ਤੇ ਓਟੇ ਬਣਾਏ
ਉਨਾਂ ਨੂੰ ਚਿਤਰਿਆ
'ਟੋਭੇ' ਤੇ ਪਾਣੀ ਪੀਣ ਆਉਂਦੇ ਪੰਛੀ
ਬਨੇਰਿਆਂ ਤੇ ਬੈਠਣ ਲੱਗੇ
ਢਾਬ ਕਿਨਾਰੇ ਖਲੋਤੇ ਬਿਰਖ
ਮਨੁੱਖ ਦੇ ਵਿਹੜਿਆਂ 'ਚ ਵੀ ਝੂਮਣ ਲੱਗੇ
'ਟੋਭੇ' ਨੇ ਵੀ
ਮਨੁੱਖ ਦੇ ਵਸੇਂਬੇ
ਦੀਆਂ ਛੱਤਾਂ, ਕੰਧਾਂ, ਕੌਲਿਆਂ ਤੇ ਫਰਸ਼ਾਂ ਨੂੰ
ਆਪਣੇ ਪਿੰਡੇ ਦੀ ਚੀਕਣੀ ਮਿੱਟੀ
ਲਾਹ ਲਾਹ ਕੇ ਸੰਵਾਰਿਆ, ਪੋਚਿਆ ਤੇ ਲਿੱਪਿਆ
ਸੁੰਨਾ ਜੰਗਲ ਘੁੱਗ ‌ਗਰਾਂ ਬਣ ਜਿਉਣ ਲੱਗਾ।

ਬਰੋਟੇ, ਪੰਛੀਆਂ ਤੇ ਪੀਘਾਂ ਦੀ ਛਾਂ ਨੂੰ
ਆਪਣੀ ਛਾਤੀ ਨਾਲ ਲਾਉਂਦੇ ਹੀ
ਟੋਭਾ ਨਰਮਦਾ ਨੀਰ ਬਣ ਜਾਂਦੈ
ਮਾਘੀ ਨੂੰ ਪਹਿਰ ਦੇ ਤੜਕੇ

ਪਿੰਡ ਇਸ ਨੀਰ 'ਚ ਟੁੱਭੀ ਮਾਰ
ਆਪਣੇ ਪਿੰਡੇ ਨੂੰ ਸੁੱਚਾ ਕਰਦੈ
'ਮਨ ਦਾ ਮੈਲ ਗੁਮਾਨ'
ਗਾਦ ਬਣ ਥੱਲੇ ਬਹਿ ਜਾਂਦੈ
ਤੇ ਕਦੇ ਕਦਾਈਂ
ਕੋਈ 'ਸੁਲਫੇ ਦੀ ਲਾਟ'
ਅੱਗ ਦਾ ਲਿਬਾਸ ਪਹਿਨ ਕੇ
ਟੋਭੇ 'ਚ ਤੀਰਥ ਨਹਾਉਣ ਆਉਂਦੀ ਹੈ।

ਦਰਿਆਵਾਂ ਵਾਂਗ ਇਸਦੇ ਕੰਢਿਆਂ ਤੇ ਸੁਦਾਗਰ ਨਹੀਂ ਲੱਥਦੇ
ਟੋਭੇ ਦੇ ਪੱਤਣਾ ਤੇ
ਛਣਕਦੀਆਂ ਵੰਗਾਂ
ਤੇ ਸ਼ਗਨਾਂ ਦੇ ਦੁਪੱਟੇ ਉਤਰਦੇ ਹਨ
ਦਰਵੇਸ਼ ਟੋਭਾ ਤਾਂ
ਮੇਲ ਮਿਲਾਪ ਦੀ ਸੱਥ ਹੁੰਦੈ
ਸਮਾਂ ਤੇ ਸਥਾਨ
ਆਪਣੀ ਆਪਣੀ ਬਾਤ
ਇਸਦੀ ਕੋਰੀ ਕੱਚੀ ਸੁਬਾਤ 'ਚ ਬਹਿ ਕੇ ਹੀ ਪਾਉਂਦੇ ਨੇ।
ਪਰ ਅੱਜ ਸਵੇਰ ਤੋਂ ਹੀ
ਟੋਭੇ ਦੀ ਦੇਹ
ਤੁਪਕਾ ਤੁਪਕਾ
ਊਣੀ ਹੁੰਦੀ ਜਾ ਰਹੀ ਹੈ
ਉਸਦੇ ਗਾਤ 'ਚ
ਚੂਲੀ ਭਰ ਪਾਣੀ ਰਹਿ ਗਿਆ ਹੈ

ਉਸਨੂੰ ਸੋਕੇ ਦਾ ਰੋਗ ਹੋ ਗਿਆ ਹੈ
ਚਮੜੀ ਉੱਤੇ ਪਾਪੜੀ ਜਿਹੀ ਜੰਮ ਕੇ
ਚਰਮਰਾ ਰਹੀ ਹੈ
ਬਾਬਾ ਟੋਭਾ
ਆਪਣੀ ਤਿੜਕੀ ਦੇਹ ਦੇ ਦਰਦ ਨਾਲ
ਕੁਰਲਾ ਰਿਹੈ!!!

Sunday, November 15, 2009

ਸੁਰਮੇਦਾਨੀ- ਦਰਵਾਜ਼ਾ

ਈਸ਼ਵਰ ਦਿਆਲ ਗੌੜ


ਦਰਵਾਜ਼ਾ ਤਾਂ ਦਰਵੇਸ਼ ਹੁੰਦੈ
ਹਰ ਇੱਕ ਇਸ ਲਈ ਮਹਿਮਾਨ ਹੁੰਦੈ
'ਆਮਦ' ਨੂੰ ਜੀ ਆਇਆਂ ਆਖਣਾ

ਇਸਦੀ ਤਬੀਅਤ ਦਾ ਕਾਇਦੈ
ਪਰ 'ਵਿਦਾਇਗੀ' ਦੇ ਬਾਹਰ ਹੁੰਦਿਆਂ ਹੀ
ਝੱਟ ਬੰਦ ਹੋ ਜਾਣਾ ਇਸਦੀ ਰਸਮ ਨਹੀਂ
ਕੁਝ ਪਲਾਂ ਲਈ 'ਰੁਖਸਤ' ਦੀ ਪਿੱਠ ਤੱਕਦੇ ਰਹਿਣਾ
ਉਸਦੇ ਸਲਾਮਤ ਸਫਰ ਲਈ ਸੁੱਖ ਸੁੱਖਣਾ
ਫਿਰ ਸੰਜੀਦਗੀ ਨਾਲ ਬੰਦ ਹੋ ਜਾਣਾ
ਦਰਵਾਜ਼ੇ ਦਾ ਸਲੀਕੈ


'ਮੋਹ' ਨੂੰ ਮਿਲਣ ਅਤੇ ਵਿਦਾ ਕਰਦਿਆਂ

ਸਰਦਲ ਤੋਂ ਦਹਿਲੀਜ਼ ਤੱਕ
ਇਸ ਦਰਵੇਸ਼ ਦੀ ਗਲਵੱਕੜੀ ਸੇਜਲ ਹੋ ਜਾਂਦੀ ਹੈ
ਮੱਥੇ ਤੋਂ ਹੀ ਬੰਦੇ ਅਤੇ ਉਸਦੇ ਘਰ ਦਾ
ਇਲਮ ਹੋ ਜਾਂਦੈ
ਉਂਝ ਲਿਖਿਆ ਵੀ ਸਭ ਕੁਝ
ਮੱਥੇ ਤੇ ਹੀ ਹੁੰਦੈ


ਹਦੂਦ ਵਿੱਚ ਵਿਚਰਣਾ ਦਰਵਾਜ਼ਾ ਹੀ ਸਿਖਾਉਂਦੈ

ਇਸ ਵਿੱਚੋਂ ਲੰਘਿਆ ਹੀ ਜਾਂਦੈ
ਇਸ ਨੂੰ ਉਲੰਘਣ ਵਾਲੀ ਘੜੀ
ਕੁਲ ਤੇ ਕਲੰਕ ਹੁੰਦੀ ਐ

ਜਿਸ ਵੇਲੇ ਇਹ ਬੰਦ ਹੁੰਦੈ
ਤਾਂ ਕੇਵਲ ਤਹਿਜ਼ੀਬ ਹੀ ਦਸਤਕ ਦੇਕੇ ਇਸਨੂੰ ਜਗਾਉਂਦੀ ਐ
ਧਾੜਵੀ ਇਸ ਨਾਲ ਟਕਰਾ ਕੇ

ਤੇ ਚੋਰ ਇਸ ਦਰਵੇਸ਼ ਦੀ ਚੂਲ ਲਾਹ ਕੇ

ਇਸ ਨਾਲ ਬਦਸਲੂਕੀ ਵੀ ਕਰ ਜਾਂਦੇ ਨੇ
ਪਰ ਲੋਕਾਈ
ਇਸਨੂੰ ਸਿਜ਼ਦਾ ਕਰ
ਝੋਲੀਆਂ ਭਰ
ਘਰਾਂ ਨੂੰ ਪਰਤ ਜਾਂਦੀ ਐ


ਦਰਵਾਜ਼ੇ ਦੇ ਕੌਲਿਆਂ ਨੂੰ
ਸ਼ਗਨਾਂ ਦੇ ਥਿੰਦ ਨੇ ਸਿੰਜਿਆ ਹੁੰਦੈ
ਆਪਣੇ ਯੋਧੇ ਪੁੱਤਾਂ ਦੀਆਂ
ਸੂਰਤਾਂ ਨੂੰ ਆਪਣੇ ਮੱਥੇ ਤੇ ਚਿਤਰਦੇ
ਪੀਰ, ਫਕੀਰ, ਗੁਰੂ, ਦੇਵੀ ਦੇਵਤੇ

ਦਰਵੇਸ਼ ਦਰਵਾਜ਼ੇ ਦੇ ਮੱਥੇ ਤੇ ਹੀ
ਆਪਣਾ ਆਸਣ ਸਜਾ
ਸ਼ੁਸ਼ੋਭਿਤ ਹੁੰਦੇ ਨੇ


ਦਰਵੇਸ਼ ਦਰਵਾਜ਼ਾ

ਕਦੇ ਆਪਣੇ ਆਪ ਨੂੰ
ਪਿੱਤਲ ਦੇ ਕੋਕਿਆਂ ਨਾਲ ਸਜਾਉਂਦੈ
ਕਦੇ ਪਿੱਤਲ ਦੇ ਕੁੰਡਿਆਂ ਦੇ ਕੁੰਡਲ ਬਣਾ
ਆਪਣੇ ਕੰਨਾਂ ਵਿੱਚ ਪਾ ਲੈਂਦੈ
ਤੇ ਗੁਰੂ ਗੋਰਖ ਨਾਥ ਬਣ
ਹਰ ਇੱਕ ਰਾਂਝੇ ਨੂੰ ਜੋਗ ਦਿੰਦੈ

ਵੇਲ ਬੂਟਿਆਂ ਨਾਲ ਚਿਤਰਿਆ

ਸ਼ਾਂਤ, ਅਡੋਲ ਤੇ ਅਟੱਲ
ਦਰਵੇਸ਼ ਦਰਵਾਜ਼ਾ
ਕਈ ਮਰਤਬਾ
ਆਪਣਾ ਜਨਮ ਵਰ੍ਹਾ ਵੀ
ਆਪਣੇ ਮੱਥੇ ਤੇ ਖੁਣ ਦਿੰਦੈ
ਤਾਂ ਜੋ ਜਾਨਸ਼ੀਨਾਂ ਨੂੰ
ਆਪਣੀ ਵਿਰਾਸਤ ਦਾ ਇਲਮ ਰਹੇ !!!

Wednesday, November 11, 2009

ਲਾਲ ਸਿੰਘ ਦਿਲ- ਢੀਠਤਾਈ



ਅਸੀਂ ਢੀਠ ਹੋਏ ਰਹਿੰਦੇ ਹਾਂ
ਮਰਨ ਤੱਕ
ਕਿ ਉਹ ਤਾਂ ਇੱਕ ਦਿਨ ਆਵੇਗਾ ਹੀ
ਸਭ ਦੁਨੀਆਂ ਮਰਦੀ ਹੈ
ਏਥੋਂ ਤੱਕ ਕਿ ਏਨਾਂ ਵੀ-
ਨਹੀਂ ਸੋਚਦੇ
ਕਿ ਜੇ ਮੌਤ ਹੋਵੇ
ਤਾਂ ਕਿਸ ਕਿਸਮ ਦੀ ਹੋਵੇ..?

ਲਾਲ ਸਿੰਘ ਦਿਲ- ਸੋਚ



ਮੈਂ ਥਿੜਕ ਜਾਵਾਂ
ਪਰ ਸੋਚ ਨਹੀਂ ਥਿੜਕਦੀ
ਹੁਣ ਘੁੰਡ ਕਾਹਦਾ..?

ਲਾਲ ਸਿੰਘ ਦਿਲ- ਨਾਚ


ਜਦ ਮਜੂਰਨ ਤਵੇ ਤੇ ਦਿਲ ਨੂੰ ਪਕਾਉਂਦੀ ਹੈ
ਚੰਨ ਟਾਹਲੀ ਥੀਂ ਹੱਸਦਾ ਹੈ
ਬਾਲ ਛੋਟੇ ਨੂੰ ਪਿਉ
ਬਹਿ ਕੇ ਵਰਾਉਂਦਾ ਹੈ
ਕੌਲੀ ਵਜਾਉਂਦਾ ਹੈ
ਤੇ ਬਾਲ ਜਦ ਦੂਜਾ ਵੱਡਾ
ਤੜਾਗੀ ਦੇ ਘੁੰਗਰੂ ਵਜਾਉਂਦਾ ਹੈ
ਤੇ ਨੱਚਦਾ ਹੈ
ਇਹ ਗੀਤ ਨਹੀਂ ਮਰਦੇ
ਨਾ ਦਿਲਾਂ 'ਚੋਂ ਇਹ ਨਾਚ ਮਰਦੇ ਨੇ...!

Tuesday, November 10, 2009

ਲਾਲ ਸਿੰਘ ਦਿਲ- ਜ਼ਜ਼ਬੇ ਦੀ ਖੁਦਕੁਸ਼ੀ


ਮੈਂ ਚਾਹਿਆ ਚੰਨ ਤੇ ਲਿਖ ਦੇਵਾਂ

ਤੇਰੇ ਨਾਂ ਨਾਲ ਨਾਂ ਆਪਣਾ

ਮੈਂ ਚਾਹਿਆ ਹਰ ਜ਼ੱਰੇ ਦੇ ਨਾਲ

ਕਰ ਦੇਵਾਂ ਸਾਂਝੀ ਖੁਸ਼ੀ

ਤੇਰੀ ਉਸ ਦਿਲਬਰੀ ਦੇ ਅੰਦਰ

ਮੇਰਾ ਕੁਝ ਹਾਲ ਸੀ ਏਦਾਂ

ਮੈਂ ਤੇਰੇ ਪਿਆਰ ਦੀ ਗੱਲ ਨੂੰ

ਕਿਵੇਂ ਨਾ ਭੇਤ ਕਰ ਸਕਿਆ

ਤੂੰ ਮੈਨੂੰ ਫੇਰ ਨਹੀਂ ਮਿਲੀਓਂ

ਇਕੇਰਾਂ ਵੀ ਨਹੀਂ ਮਿਲ ਸਕੀਓਂ

ਮੈਂ ਆਪਣੀ ਸਾਧਨਾ ਅੰਦਰ

ਕਿਹੜੇ ਕਿਹੜੇ ਜੰਗਲ ਨਹੀਂ ਤੁਰਿਆ

ਕਿਹੜੇ ਕਿਹੜੇ ਸਾਗਰ ਨਹੀਂ ਤਰਿਆ

ਕਿਹੜੇ ਅੰਬਰ ਨਹੀਂ ਟੋਹੇ

ਕੁਝ ਵੀ ਤੇਰੇ 'ਚੋਂ ਪਰ

ਤੇਰਾ ਨਹੀਂ ਮਿਲਿਆ

ਲਾਲ ਸਿੰਘ ਦਿਲ- ਸ਼ਕਤੀ


ਲੋਕ ਮਾਰੇ ਮਾਰੇ ਫਿਰਦੇ ਹਨ
ਹੈਂ ਜੀ ਹੈਂ ਜੀ ਕਰਦੇ ਹਨ
ਹਨੇਰੀਆਂ ਨੁੱਕਰਾਂ 'ਚ ਬਹਿੰਦੇ ਹਨ
ਉਨਾਂ ਨੂੰ ਦੱਸਿਆ ਜਾਂਦਾ ਹੈ
ਕਿ ਉਹ ਦੇਵਤੇ ਦੇ ਪੈਰ 'ਚੋਂ ਜੰਮਦੇ ਨੇ
ਸ਼ਕਤੀ ਮਾਰੀ ਮਾਰੀ ਫਿਰਦੀ ਹੈ
ਅੱਖਾਂ ਤੋਂ ਮੱਖੀਆਂ ਝੱਲਦੀ ਹੈ
ਨੀਵੀਂ ਪਾ ਪਾ ਤੁਰਦੀ ਹੈ
ਸ਼ਕਤੀ ਆਪਣੇ ਡੌਲਿਆਂ ਨੂੰ
ਲੱਤਾਂ ਨੂੰ
ਕੰਮ ਦੇ ਸੰਦ ਸਮਝਦੀ ਹੈ
ਏਦੂੰ ਵੱਧ ਕੁਝ ਨਹੀਂ
ਉਨਾਂ ਤੋਂ ਲੁਕਾਇਆ ਜਾਂਦੈ
ਕਿ ਉਹ ਸਭ ਦਰਾਵੜ ਸਨ।

ਲਾਲ ਸਿੰਘ ਦਿਲ- ਲੰਮਾ ਲਾਰਾ




ਜਾ ਰਿਹਾ ਏ ਲੰਮਾ ਲਾਰਾ
ਝਿੜਕਾਂ ਦੇ ਭੰਡਾਰ ਲੱਦੀਂ
ਲੰਮੇ ਸਾਇਆਂ ਦੇ ਨਾਲ ਨਾਲ
ਗਧਿਆਂ ਤੇ ਬੈਠੇ ਨੇ ਜੁਆਕ
ਪਿਉਆਂ ਦੇ ਹੱਥਾਂ ਵਿੱਚ ਕੁੱਤੇ ਹਨ
ਮਾਵਾਂ ਦੇ ਪਿੱਠ ਪਿੱਛੇ
ਬੰਨੇ੍ ਪਤੀਲੇ ਹਨ
ਪਤੀਲਿਆਂ 'ਚ ਮਾਵਾਂ ਦੇ ਪੁੱਤ ਸੁੱਤੇ ਹਨ
ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ..??

ਨਕਸਲੀ ਪੰਜਾਬੀ ਕਵਿਤਾ- ਇਹ ਦੇਸ਼

ਇਹ ਦੇਸ਼ ਥੋਡਾ ਵੀ ਨਹੀਂ
ਇਹ ਦੇਸ਼ ਮੇਰਾ ਵੀ ਨਹੀਂ
ਇਹ ਤਾਂ ਬਘਿਆੜਾਂ ਦਾ ਜੰਗਲ ਹੈ
ਸਾਡਾ ਤਾਂ ਰੈਣ ਬਸੇਰਾ ਵੀ ਨਹੀਂ
ਸਾਡੇ ਲਈ ਏਥੇ ਰੋਟੀ ਵੀ ਨਹੀਂ
ਸਾਡੇ ਲਈ ਏਥੇ ਵਸਤਰ ਵੀ ਨਹੀਂ
ਦੱਸੋ ਖਾਂ ਆਪਣਾ ਆਖਣ ਲਈ ਕੀ ਹੈ
ਵਸਣ ਲਈ ਜਿੱਥੇ ਡੇਰਾ ਵੀ ਨਹੀਂ

ਮੈਂ ਵਿਦਿਆਰਥੀਆਂ ਦੀ ਰੋਹਲੀ ਕਤਾਰ 'ਚ ਹਾਂ
ਜਾਂ ਫਿਰ ਬੇਰੁਜਗਾਰਾਂ ਦੀ ਸਤੀ ਹੋਈ ਲਾਰ ਵਿੱਚ ਹਾਂ
ਮੈਂ ਕਿਸਾਨਾ ਦੀ ਊਂਘਦੀ ਦੁਨੀਆਂ 'ਚ ਹਾਂ
ਜਿੱਥੇ ਵੀ ਹਾਂ ਮੈਂ
ਕਿਰਨਾਂ ਦੀ ਡਾਰ ਵਿੱਚ ਹਾਂ

ਓਮ ਪ੍ਰਕਾਸ਼ ਸ਼ਰਮਾ- "ਜੰਗ ਅਜੇ ਮੁੱਕੀ ਨਹੀਂ"

ਨਕਸਲੀ ਪੰਜਾਬੀ ਕਵਿਤਾ- ਮੈਂ ਅਜੇ ਮਰਿਆ ਨਹੀਂ


ਕੀ ਹੋਇਆ ਜੇ
ਨੀਂਹਾਂ 'ਚ ਚਿਣ ਦਿੱਤੇ ਗਏ
ਮੇਰੇ ਮਾਸੂਮ ਜ਼ਜ਼ਬੇ!
ਕੀ ਹੋਇਆ ਜੇ
ਟਪਕ ਆਏ ਅੱਖਾਂ ਚੋਂ
ਮੋਹ ਦੇ ਹੰਝੂ!
ਕੀ ਹੋਇਆ ਜੇ
ਦਿਲ ਤੇ ਹੱਥ ਧਰਕੇ
ਮੈਂ ਰੁਕ ਗਿਆ ਇੱਕ ਪਲ!
ਪਰ ਮੈਂ ਅਜੇ ਮਰਿਆ ਨਹੀਂ
ਜੰਗ ਅਜੇ ਮੁੱਕੀ ਨਹੀਂ
ਜੰਗ ਤਾਂ ਹੁਣ ਮਘਣ ਲੱਗੀ ਹੈ

ਮੈਂ ਅਜੇ ਮਰਿਆ ਨਹੀਂ
ਮੈਂ ਇੰਜ ਮਰਨਾ ਵੀ ਨਹੀਂ
ਇਸ ਲਈ ਮੈਂ ਗੱਜ ਕੇ ਕਹਿਨਾ
ਕਿ ਜੰਗ ਅਜੇ ਮੁੱਕੀ ਨਹੀਂ
ਜੰਗ ਇੰਜ ਮੁੱਕਣੀ ਵੀ ਨਹੀਂ..!!

ਓਮ ਪ੍ਰਕਾਸ਼ ਸ਼ਰਮਾ- "ਜੰਗ ਅਜੇ ਮੁੱਕੀ ਨਹੀਂ"

ਨਕਸਲੀ ਪੰਜਾਬੀ ਕਵਿਤਾ- ਮੇਰੇ ਮਹਿਬੂਬ

ਮੈਂ ਦਾਤੀ ਚੁੱਕ ਕੇ ਖੇਤ ਨੂੰ ਤੁਰਿਆ ਹਾਂ
ਬੜਾ ਸ਼ਰਾਰਤੀ ਹੈ ਸਾਡੇ ਪਹੇ ਦਾ ਭੱਖੜਾ
ਜੁੱਤੀ ਦੀ ਵਿਰਲ ਥਾਣੀਂ ਚੂੰਢੀ ਵੱਢ ਗਿਆ ਹੈ
ਤੇ ਕਹਿੰਦਾ ਹੈ:
ਤੂੰ ਮੇਰਾ ਗੁੱਸਾ ਨਹੀਂ ਕਰਦਾ
ਬੜੀ ਪੁਰਾਣੀ ਯਾਰੀ ਏ
ਪਰ ਉਹ ਵਿਛੀਆਂ ਦਰੀਆਂ ਤੇ ਚੱਲਣ ਵਾਲੀ ਸ਼ਹਿਜ਼ਾਦੀ
ਭੱਖੜੇ ਨੂੰ ਦਿਉਰ ਕਿਉਂ ਅਖੇਗੀ?
ਚੂੰਢੀਆਂ ਕਿਉਂ ਸਹਾਰੇਗੀ?

ਕਦੇ ਕਦੇ ਮਾਂ ਦੇ ਚੌਂਕੇ 'ਚ ਬਹਿਕੇ
ਮੈਂ ਯਾਦਾਂ ਚੋਂ ਮਾਨਣ ਲੱਗਦਾ ਹਾਂ
ਤੇਰੇ ਸੰਗ ਬਹਿਕੇ ਭਰੇ ਕੌਫੀ ਦੇ ਘੁੱਟ
ਪਰ ਮੇਰੀ ਖਿੱਲੀ ਉਡਾ ਦਿੰਦੇ ਨੇ
ਸਾਡੀ ਟੋਕਰੀ 'ਚ ਪਏ ਤਿੜਕੇ ਗਲਾਸ
ਸਾਡੇ ਚੁੱਲੇ ਤੇ ਪਈ ਬੋੜੀ ਪਤੀਲੀ
ਤੇ ਭੜੋਲੀ ਦੇ ਥੱਲੇ ਨਾਲ ਲੱਗਿਆ
ਪੱਤ ਚੜੀ ਵਾਲਾ ਗੁੜ

ਸੱਚ ਜਾਣੀ.. ਮੇਰੇ ਮਹਿਬੂਬ
ਮੈਨੂੰ ਤਾਂ ਭਰੋਸਾ ਹੈ ਤੇਰੇ ਵੈੱਲ ਬਾਟਮ ਤੇ
ਪਰ ਅਲੇਹਿਆਂ ਤੇ ਪੋਲ੍ਹੀਆਂ ਦੇ ਤਿੱਖੜੇ ਮਖੌਲ
ਮੇਰਾ ਵਿਸ਼ਵਾਸ਼ ਤੋੜ ਜਾਂਦੇ ਨੇ..!!

ਓਮ ਪ੍ਰਕਾਸ਼ ਸ਼ਰਮਾ- 'ਲੱਪ ਚਿਣਗਾਂ ਦੀ'

ਨਕਸਲੀ ਪੰਜਾਬੀ ਕਵਿਤਾ- ਕਿਹੜੀ ਕੌਮ

ਜਰਾ ਦਸੱਣਾ ਤਾਂ ਸਹੀ
ਕੌਮ ਤੋਂ ਤੁਹਾਡਾ ਕੀ ਭਾਵ ਹੈ..?

ਕੌਮ ਉਹ ਹੈ ਜੋ
ਬੰਗਲਿਆਂ ਵਿੱਚ ਵਸਦੀ ਹੈ?
ਜਾਂ ਫਿਰ ਉਹ ਜੋ
ਫੁੱਟ ਪਾਥਾਂ ਤੇ ਸੌਂਦੀ ਹੈ?
ਕੌਮ ਉਹ ਜੋ
ਆਏ ਪਹਿਰ ਸੂਟ ਬਦਲਦੀ ਹੈ?
ਜਾਂ ਉਹ ਜੋ
ਸਿਆਲ ਭਰ ਕੁਰਨ ਕੁਰਨ ਕਰਦੀ ਹੈ?
ਕੌਮ ਉਹ ਹੈ ਜੋ
ਗੋਲੀਆ ਦੇ ਵਾਰ ਕਰਦੀ ਹੈ?
ਜਾਂ ਫਿਰ ਉਹ ਜੋ
ਗੋਲੀਆਂ ਨੂੰ ਹਿੱਕ ਤੇ ਜਰਦੀ ਹੈ?
ਕੌਮ ਉਹ ਹੈ ਜੋ
ਦਿੱਲੀ 'ਚ ਬਹਿਕੇ ਹੁਕਮ ਕਰਦੀ ਹੈ?
ਜਾਂ ਫਿਰ ਉਹ ਜੋ
ਛੰਬ ਜੌੜੀਆਂ 'ਚ ਲੜ ਮਰਦੀ ਹੈ

ਅੰਨੇ ਨੂੰ ਪੁੱਛੋ

ਸੁਜਾਖੇ ਨੂੰ ਪੁੱਛੋ

ਭਲਾਂ ਇੱਕ ਕਿਵੇਂ ਹੋ ਸਕਦੀ ਹੈ

ਪਹਿਲੀ ਤੇ ਦੂਸਰੀ ਕਿਸਮ ਦੀ ਕੌਮ?

ਓਮ ਪ੍ਰਕਾਸ਼ ਸ਼ਰਮਾ- 'ਲੱਪ ਚਿਣਗਾਂ ਦੀ'

ਨਕਸਲੀ ਪੰਜਾਬੀ ਕਵਿਤਾ- ਸੁਦਾਮਾ ਦਾ ਸੰਦੇਸ਼

ਦੁਆਪਰ ਬੀਤ ਜਾਵੇਗਾ
ਸਮੇਂ ਅਜਿਹੇ ਵੀ ਆਉਣਗੇ
ਜਦ ਲੋਕਾਂ ਦੇ ਦਿਮਾਗ ਹੋਣਗੇ
ਫਿਰ ਸਭ ਰਾਮ ਕ੍ਰਿਸ਼ਨ ਬੇਨਕਾਬ ਹੋਣਗੇ
ਫਿਰ ਕੋਈ ਕਵੀ ਇਤਿਹਾਸ ਤੇ ਸ਼ੱਕ ਕਰੇਗਾ
ਤੇ ਪੁੱਛੇਗਾ
ਲੱਖਾਂ ਸੁਦਾਮਿਆਂ ਦੀ
ਮਿਹਨਤਕਸ਼ ਕਾਮਿਆਂ ਦੀ
ਮਿਹਨਤ ਤੇ ਪਲਣ ਵਾਲਾ
ਕੋਈ ਵਿਹਲੜ ਭਗਵਾਨ ਕਿੱਦਾਂ ਹੋ ਸਕਦਾ ਹੈ..?
ਔਰਤ ਨੂੰ ਬੁਰਕੀ ਬਨਾਉਣ ਵਾਲਾ
ਤਿੰਨ ਸੌ ਸੱਠਾਂ ਨੂੰ ਕੱਲਾ ਹੰਢਾਉਣ ਵਾਲਾ
ਭਗਵਾਨ ਕਿੱਦਾਂ ਹੋ ਸਕਦਾ ਹੈ..?

ਓਮ ਪ੍ਰਕਾਸ਼ ਸ਼ਰਮਾ- 'ਲੱਪ ਚਿਣਗਾਂ ਦੀ'

ਨਕਸਲੀ ਪੰਜਾਬੀ ਕਵਿਤਾ- ਭਾਰਤ ਮਾਂ

ਘਰ ਬਾਰ ਦਾ ਹਾਲ ਪੁਛਦੇ ਹੋ?
-ਇਹ ਮੂਲੋਂ ਨਰਕ ਹੈ
ਬਾਲ ਬੱਚੇ ਦੀ ਗੱਲ ਕਰਦੇ ਹੋ?
-ਬੱਸ ਬੇੜਾ ਗਰਕ ਹੈ
ਮੇਰੀ ਛਾਤੀ ਤੇ ਭੁੱਖੇ ਹੀ ਸੌਂਦੇ ਹਨ
ਮੇਰੇ ਕਰੋੜਾਂ ਬੱਚੇ
ਕਰੋੜਾਂ ਧੀਆਂ ਦੀ
ਪਾਟੇ ਚੀਥੜਿਆਂ ਚੋਂ
ਆਬਰੂ ਡੁੱਲਦੀ ਹੈ
ਤੇ ਕੁਝ ਸ਼ੈਤਾਨ
ਸਭ ਕੁਝ ਡਕਾਰ ਜਾਂਦੇ ਹਨ

ਇਹ ਹੈ ਮੇਰੇ ਘਰ ਦਾ ਹਾਲ
ਮੇਰਾ ਹਾਲ
ਬਾਲ ਬੱਚੇ ਦਾ ਹਾਲ
ਪਰ ਅਜੇ ਵੀ ਕੁਝ ਚਲਾਕ ਬੱਚੇ
ਲੋਰੀਆਂ ਦੇਣ ਦੇ ਖਾਨਦਾਨੀ ਮਾਹਰ
ਭੁੱਖਿਆਂ ਨੂੰ ਥਾਪੜ ਰਹੇ ਨੇ
ਤੇ ਲੋਰੀ ਗਾ ਰਹੇ ਨੇ
''ਜੈ ਭਾਰਤ ਗਾਵੋ''
ਤੇ ਸੌਂ ਜਾਵੋ..!!

ਓਮ ਪ੍ਰਕਾਸ਼ ਸ਼ਰਮਾ- 'ਲੱਪ ਚਿਣਗਾਂ ਦੀ'

ਨਕਸਲੀ ਪੰਜਾਬੀ ਕਵਿਤਾ- ਅਲਵਿਦਾ

ਸ਼ਹਿਦ ਦੀ ਮੱਖੀਓ!
ਗੰਦਗੀ ਦੀਆਂ ਮੱਖੀਆਂ 'ਚ ਬਹਿਕੇ
ਬਰਾਦਰੀ ਨਾ ਭੁੱਲ ਜਾਣਾ
ਭੱਮਕੜਾਂ ਦੇ ਯਾਰੋ!
ਭੂੰਡਾਂ ਦੇ ਰੌਲੇ 'ਚ
ਤੁਸੀਂ ਵੀ ਨਾ ਰੁਲ ਜਾਣਾ
ਯਾਦ ਰੱਖਣਾਅਸੀਂ ਪਰਵਾਸੀ ਪੰਛੀ ਹਾਂ
ਸਾਡਾ ਤਾਂ ਕਿਧਰੇ ਹੋਰ ਹੈ ਟਿਕਾਣਾ
ਤੁਸੀਂ ਭੁੱਲ ਨਾ ਜਾਣਾ
ਰਾਂਝਣ ਦਾ ਠਾਣਾ...

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਮੇਰੇ ਲੋਕ

ਐਨਾ ਵੀ ਨਹੀਂ ਜਾਣਦੇ
ਅਜੇ ਤਾਂ ਮੇਰੇ ਲੋਕ
ਕਿ ਉਹ ਜੀਣ ਆਏ ਹਨ
ਜਾਂ ਫਿਰ ਮਕਾਣ ਆਏ ਹਨ

ਤਾਂ ਫਿਰ ਅਜੇ ਪੱਥਰਾਂ ਨੂੰ
ਕਿੰਜ ਦੱਸਾਂ
ਕਿ ਮਨੁੱਖਾਂ ਦੇ ਦਿਲ ਵੀ ਹੁੰਦੇ ਨੇ

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਆਓ ਹੱਸੀਏ

ਆਲ ਇੰਡੀਆ ਰੇਡੀਓ ਜਿੱਡਾ ਹੋ ਗਿਆ ਹੈ
ਮਿੱਤਰਾਂ ਦੀ ਗੱਲ ਦਾ ਮਿਆਰ
ਆਓ ਕਿ ਮਿੱਤਰਾਂ ਦੀ ਉੱਨਤੀ ਤੇ ਹੱਸੀਏ

ਆਓ ਰਲ ਕੇ ਉਹਨਾਂ ਨੂੰ ਕਹੀਏ
ਬਹੁਤ ਲੇਟ ਆਈਆਂ ਹਨ ਭਾਵੇਂ
ਤੁਹਾਡੀਆਂ ਸ਼ੁਭ ਇਛਾਵਾਂ
ਪਰ ਇਹ ਆਜਾਈਂ ਨਹੀਂ ਜਾਣਗੀਆਂ
ਸ਼ਰਧਾਂਜਲੀ ਕਹਿ ਲਈਆਂ ਜਾਣਗੀਆਂ
ਸਾਡੀ ਹੀ ਕਮਾਣ ਚੋਂ ਚੱਲੇ ਹੋਏ ਬਾਣ
ਸਾਡੀ ਹੀ ਹਿੱਕ ਨੂੰ ਆਣ ਛੂਹੇ
ਆਓ ਕਿ ਆਪਣੀ ਮੂਰਖਤਾ ਤੇ ਹੱਸੀਏ

ਹੱਸਣਾ ਚਾਹੁੰਦਿਆਂ ਵੀ
ਸਿਮ ਰਹੀਆਂ ਨੇ ਅੱਖਾਂ
ਆਓ ਕਿ ਆਪਣੀ ਅਸਫਲਤਾ ਤੇ ਹੱਸੀਏ

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਵਿਥਿਆ

ਲੰਬੜਾਂ ਦੇ ਪੁੱਤ ਵਾਂਗੂ
ਲਾਚੜਿਆ 'ਕਾਨੂੰਨ' ਜਦ
ਧੀਆਂ ਵਾਂਗੂ ਪਾਲੀ ਹੋਈ 'ਕਣਕ' ਨੂੰ
ਅੰਦਰੋਂ ਚੁੱਕਣ ਦੀਆਂ
ਮਾਰਦਾ ਹੈ ਟਾਹਰਾਂ
ਤਾਂ ਦਿਲ ਕਰਦਾ ਹੈ
ਬੁੱਢੇ ਬਾਪੂ ਨੂੰ ਪੁੱਛਾਂ
ਆਹ ਪਾਲੇ ਪਲੋਸੇ ਪੁੱਤਾਂ ਨੂੰ ਡੱਕ ਕੇ
ਦੱਸ ਕੀ ਆਚਾਰ ਪਾਉਣਾ ਹੈ..?


ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

Monday, November 9, 2009

ਨਕਸਲੀ ਪੰਜਾਬੀ ਕਵਿਤਾ- ਕਈ ਵਾਰ

ਕਈ ਵਾਰ ਇਸ ਤਰਾਂ ਵੀ ਹੁੰਦੈ
ਸੰਗ ਤੁਰਨੋ ਇਨਕਾਰੀ ਹੋ ਜਾਂਦੈ
ਆਪਣਾ ਹੀ ਪਰਛਾਵਾਂ
ਪਰ ਇਸ ਤਰਾਂ ਵੀ ਪਾਂਧੀ
ਕੋਈ ਰੁਕ ਤਾਂ ਨਹੀਂ ਜਾਂਦੇ....!!


ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਜ਼ੁਲਫ ਦੀ ਤਾਰੀਫ

ਜੇ ਵਕਤ ਮਿਲ ਸਕਦਾ
ਮੈਂ ਜਰੂਰ ਕਰਦਾ
ਤੇਰੀ ਜ਼ੁਲਫ ਦੀ ਤਾਰੀਫ
ਇਹ ਕੋਈ 'ਬੁਰਜੁਆ' ਗੱਲ ਨਹੀਂ
ਉਂਝ ਜਦੋਂ ਤੱਕ ਮੋੜ ਨਹੀਂ ਦਿੰਦੇ
ਡਾਢਿਆਂ ਨੂੰ ਇੱਕੀ ਦੇ ਇੱਕਤੀ
ਮੈਂ ਸੱਚ ਕਹਿਨਾਂ
ਅੱਖ ਝਮਕਣ ਦੀ ਵੀ ਵਿਹਲ ਨਹੀਂ

ਜੇ ਵਕਤ ਮਿਲ ਸਕਿਆ
ਮੈਂ ਜਰੂਰ ਕਰਾਂਗਾ ਤੇਰੀ ਜ਼ੁਲਫ ਦੀ ਤਾਰੀਫ
ਇਹ ਸਚਮੁਚ ਤਾਰੀਫ ਦੇ ਕਾਬਿਲ ਹੈ
ਕਦੇ ਬਹਿਕੇ ਕਰਾਂਗਾ
ਤੇਰੀ ਜ਼ੁਲਫ ਦੀ ਤਾਰੀਫ


ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਅੱਜ

ਹਨੇਰਿਆਂ ਤੋਂ ਤੰਗ ਆ ਕੇ
ਮੈਂ ਤਾਂ ਬਹੁਤ ਚਾਹੁੰਨੈਂ
ਕਿ 'ਅੱਜ' ਨੂੰ 'ਦਿਨ' ਹੀ ਕਹਿ ਦਿਆਂ
ਪਰ ਇਸ ਤਰਾਂ
ਕੀ ਚਾਨਣ ਦੀ ਹੱਤਕ ਨਹੀਂ ਹੋਵੇਗੀ..?

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਲੋਕ

ਤੂੰ ਸੁਣਿਆ ਹੋਣੈ
ਕਿ ਤਾਕਤ ਲੋਕ ਹੁੰਦੇ ਨੇ
ਪਰ ਬੈਲਟ (ਵੋਟ) ਵਾਲੇ ਨਹੀਂ
ਬੁਲਟ ਵਾਲੇ ਲੋਕ
ਪੋਲਿੰਗ ਬੂਥ ਤੇ ਲੱਗੀ ਲਾਇਨ ਵਿੱਚ
ਤੇ ਖੁਸਰਿਆਂ ਦੁਆਲੇ ਜੁੜੀ ਭੀੜ ਵਿੱਚ
ਕੋਈ ਢੇਰ ਅੰਤਰ ਨਹੀਂ ਹੁੰਦਾ
ਪਰ ਬਹੁਤ ਅੰਤਰ ਹੁੰਦਾ ਹੈ
ਡਾਂਡੀ ਮਾਰਚ ਵਿੱਚ
ਤੇ ਲੌਂਗ ਮਾਰਚ ਵਿੱਚ

ਖਾਨਗਾਹਾਂ ਤੇ ਦੀਵੇ ਬਾਲਦੇ
ਜਾਂ ਸਾਧਾਂ ਤੋਂ ਪੁੱਤ ਭਾਲਦੇ
ਜਾਂ ਫਿਰ ਵੋਟਾਂ ਵਾਲੇ ਡੱਬੇ ਚੋਂ
ਲੱਭਦੇ ਹੋਏ ਰਾਜ ਪਲਟੇ
ਕਹਿਣ ਨੂੰ ਲੋਕ ਹੁੰਦੇ ਨੇ
ਪਰ ਅਸਲ ਵਿੱਚ ਭੇਡਾਂ ਦਾ ਇੱਜੜ ਹੁੰਦੇ ਨੇ..

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਸਵਾਗਤ

ਦੋਸਤੋ, ਐ ਦੋਸਤੋ!!
ਖੱਲਾਂ ਚੋਂ, ਖੂੰਜਿਆਂ ਚੋਂ
ਰੂੜੀਆਂ ਤੋਂ, ਟੋਇਆਂ ਚੋਂ
ਜਾਂ ਫਿਰ ਜਿੱਥੋਂ ਵੀ ਮਿਲ ਸਕਣ
ਕੁਝ ਟੁੱਟੇ ਤੇ ਠਿੱਬੇ ਛਿੱਤਰ
ਲੱਭ ਲੱਭ ਕੇ ਮੈਨੂੰ ਘੱਲੋ
ਮੈਂ ਇੱਕ ਹਾਰ ਬਣਾਉਣਾ ਹੈ
ਸਾਡੇ ਪਿੰਡ ਮੰਤਰੀ ਨੇ ਆਉਣਾ ਹੈ

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਨੰਗੀ ਨਾਚ ਕਰੇਗੀ

(ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਦੇ ਐਲਾਨ ਤੇ)

ਦੇਸ ਵਾਸੀਓ!
ਸੁਣੋ! ਸੁਣੋ!! ਅੱਜ ਦਾ ਐਲਾਨ
ਆ ਗਿਆ ਸ਼ਾਹੀ ਫੁਰਮਾਨ
ਕਿ ਹੁਣ ਰਾਣੀ ਨੰਗੀ ਨਾਚ ਕਰੇਗੀ
ਕੋਈ ਨਹੀਂ ਕਹਿ ਸਕੇਗਾ
ਰਾਣੀ ਤੂੰ ਅੱਗਾ ਢਕ..

ਦਰਬਾਰੀਓ!
ਨੱਚੋ ਰਾਣੀ ਦੇ ਅੱਗੇ ਤੇ ਪਿੱਛੇ
ਜੇ ਰਾਣੀ ਕੁਝ ਵੀ ਬੁੜ ਬੁੜਾਵੇ
ਤਾਂ ਕਹੋ-ਕਿਆ ਬਾਤ ਕਹੀ ਹੈ
ਜੇ ਰਾਣੀ ਨੂੰ ਛਿੱਕ ਵੀ ਆਵੇ
ਤਾਂ ਕਹੋ- ਕਿਆ ਚੀਜ਼ ਪੇਸ਼ ਕੀਤੀ ਹੈ
ਜੇ ਰਾਣੀ ਜ਼ਰਾ ਕੁ ਖੰਘੇ
ਤਾਂ ਕਹੋ- ਰਾਣੀ ਦੀਆਂ ਨਹੀਂਓ ਰੀਸਾਂ

ਤੇ ਹੁਣ ਰਾਣੀ ਨੰਗੀ ਨਾਚ ਕਰੇਗੀ
ਕੋਈ ਨਹੀਂ ਕਹਿ ਸਕੇਗਾ
ਰਾਣੀ ਤੂੰ ਅੱਗਾ ਢਕ..

ਓਮ ਪ੍ਰਕਾਸ਼ ਸ਼ਰਮਾ-'ਮੁਖਾਤਿਬ ਤੋਂ ਅਲਵਿਦਾ ਤੱਕ'

ਨਕਸਲੀ ਪੰਜਾਬੀ ਕਵਿਤਾ- ਕੁੜੀ

ਮੇਰੇ ਯਾਰੋ!
ਤੁਸੀਂ ਕੁਝ ਵੀ ਕਰਨਾ..
ਪਰ ਇੱਕ ਗੱਲ ਭੁੱਲ ਕੇ ਵੀ ਨਾ ਕਰਨਾ
ਤੁਸੀਂ ਉਸ ਕੁੜੀ ਦੀ ਗੱਲ ਦਾ
ਭੋਰਾ ਵੀ ਇਤਬਾਰ ਨਾ ਕਰਨਾ
ਜਿਸਦੇ ਪੈਰਾਂ ਵਿੱਚ ਪਾਟੀਆਂ ਬਿਆਈਆਂ ਨਾ ਹੋਣ
ਜਿਸਦੇ ਹੱਥਾਂ ਤੇ ਕਮਾਏ ਅੱਟਣ ਨਾ ਹੋਣ..!!

ਓਮ ਪ੍ਰਕਾਸ਼ ਸ਼ਰਮਾ- 'ਮੁਖਾਤਬ ਤੋਂ ਅਲਵਿਦਾ ਤੱਕ'