Tuesday, November 17, 2009

ਸੁਰਮੇਦਾਨੀ- ਗੁਹਾਰਾ

ਈਸ਼ਵਰ ਦਿਆਲ ਗੌੜ

ਸੁੱਘੜ ਤੇ ਸੁੱਚਜੀ ਨਾਰ ਦੇ ਹੱਥਾਂ ਤੇ ਹੀ
ਅੱਗ ਦੀਆਂ ਸਹੇਲੀਆਂ
ਪਾਥੀਆਂ ਦੀ ਪੈਦਾਇਸ਼ ਹੋਈ
ਤੇ ਫੇਰ
ਰਕਾਣ ਹੱਥਾਂ ਨੇ ਆਪਣੇ ਨਖਰੇ ਵਰਗਾ
ਪਾਥੀਆਂ ਦਾ ਇੱਕ
ਨੁਕੀਲਾ ਅੰਬਰ ਨਾਲ ਗੱਲਾਂ ਕਰਦਾ
ਟਿੱਲਾ ਉਸਾਰਿਆ
ਜਿਸਨੂੰ ਉਹਨਾਂ ਲਿੱਪ ਸੰਵਾਰ ਕੇ
ਸ਼ਰਾਰੇ ਨਾਲ ਕੱਜ ਦਿੱਤਾ
ਪਾਥੀਆਂ ਦੇ ਇਸ ਅੰਬਾਰ ਨੂੰ
ਰਕਾਣ ਮੁਟਿਆਰ ਨੇ
ਗੁਹਾਰਾ ਆਖਿਆ।

ਕਲਸ ਤੇ ਕੁੱਖ ਵਰਗਾ ਸੁੱਚਾ
ਬਾਹਰ ਨਿਆਂਈਆਂ 'ਚ ਖਲੋਤਾ
ਗੁਹਾਰਾ ਤਾਂ ਪਿੰਡ ਦਾ ਭਾਗ ਹੁੰਦੈ
ਰੱਜਦੇ ਪੁੱਜਦੇ ਘਰ ਦੇ ਦਰਵਾਜ਼ੇ 'ਚ
ਬੈਠੇ ਬਜ਼ੁਰਗ ਵਰਗਾ ਗਹਿਰਾ ਹੁੰਦੈ

ਪਿੰਡ 'ਚ ਪੈਰ ਰੱਖਣ ਤੋਂ ਪਹਿਲਾਂ
ਰਾਹੀ ਗੁਹਾਰੇ ਨੂੰ ਹੀ ਮਿਲਦੈ
ਪਲ ਦੋ ਪਲ ਦੀ ਇਹ ਮੁਲਾਕਾਤ
ਪਿੰਡ ਦੇ ਮਿਜ਼ਾਜ਼ ਦਾ ਰੰਗ
ਅਜਨਬੀ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ
ਮੇਜ਼ਬਾਨੀ ਦੇ ਮਿਆਰ ਦਾ ਅੰਦਾਜ਼ਾ
ਗੁਹਾਰੇ ਦੇ ਨੁਕੀਲੇ ਕਲਸ ਤੋਂ ਹੀ ਹੋ ਜਾਂਦੈ
ਸਿਆਣਾ, ਸੁੱਘੜ, ਅਡੋਲ ਗੁਹਾਰਾ...

No comments:

Post a Comment