Tuesday, November 17, 2009

ਸੁਰਮੇਦਾਨੀ- ਗੁੜ

ਈਸ਼ਵਰ ਦਿਆਲ ਗੌੜ

ਆਮਦ ਤੇ ਆਗਾਜ਼ ਨੂੰ‌
ਪਹਿਲੀ 'ਜੀ ਆਇਆਂ' ਗੁੜ ਹੀ ਆਖਦੈ
ਗੁੜ ਦੀ ਹੀ ਅਸੀਸ ਲੈ ਕੇ
ਸ਼ਗਨ ਚਾਈਂ ਚਾਈਂ
ਘਰੋਂ ਬਾਹਰ ਨੂੰ ਟੁਰਦੇ ਨੇ
ਹਰ ਇੱਕ ਨੂੰ ਫਤਿਹ ਬੁਲਾਉਂਦੇ
ਮੁਬਾਰਕਬਾਦ ਦਿੰਦੇ
ਆਗਾਂਹ ਵਧਦੇ ਨੇ!
ਨਗਰ ਖੇੜੇ ਤੇ ਕੋੜਮੇ 'ਚ
ਕੁੱਖ ਚੋਂ ਵੱਜੀ ਕਿਲਕਾਰੀ ਦੀ ਖਬਰ
ਗੁੜ ਪਿੱਤਲ ਦੀ ਪਰਾਂਤ 'ਚ ਬਹਿ ਕੇ
ਆਪ ਘਰ ਘਰ ਜਾ ਕੇ ਨਸ਼ਰ ਕਰਦੈ
ਕਰੂੰਬਲ ਨੂੰ
ਆਪਣੀ ਗੁੜਤੀ ਤੇ ਗੁਦੜੀ
ਦੇ ਨਿੱਘ ਨਾਲ ਪਾਲਦੈ

ਗੁੜ ਤੋਂ ਅਸੀਸ ਲੈ ਕੇ ਹੀ
ਸੱਜਰੀ ਸਰਬੰਦ ਘੋੜੀ ਚੜਦੀ ਹੈ
ਸੁੱਚੇ ਗੋਟੇ ਵਾਲੇ ਸੂਹੇ ਸਿਰਕੇ ਦਾ
ਪੱਲਾ ਫੜ
ਗੁੜ ਉਸਨੂੰ
ਦਹਿਲੀਜ਼ ਤੇ ਖਲੋਤੇ ਨੂੰ
ਖੁਸ਼ਆਮਦੀਦ ਆਖਦੈ
ਅੰਦਰ ਅਦਬ ਨਾਲ ਬਿਠਾਉਂਦੈ।

ਗੁੜ ਵਿਦਾ ਹੁੰਦੇ ਦਾ ਮੂੰਹ ਮਿੱਠਾ ਕਰਵਾ ਕੇ
'ਰੁਖਸਤ' ਦੀ ਸਲਾਮਤੀ ਦੇ
ਸ਼ਗਨ ਮਨਾਉਂਦੈ
ਵਿਦਾਇਗੀ ਦੀ ਜ਼ੁਬਾਨ ਤੇ
ਮਿਠਾਸ ਨੂੰ ਬਿਠਾ ਕੇ
ਉਸਦੀ ਪੋਟਲੀ ਨਾਲ
ਆਪ ਸਫਰ ਕਰਦਾ
ਪੈਂਡੇ ਤੇ ਤੁਰਦੇ ਪੈਰਾਂ ਨੂੰ
ਡੋਲਣ ਨਹੀਂ ਦਿੰਦਾ।

ਖਮਰ ਤੇ ਖੁਮਾਰੀ
ਗੁੜ ਦੀਆਂ ਇੱਲਤਾਂ ਨੇ
ਜੋ ਕੇ ਉਹ ਕਿੱਕਰ ਦੇ ਸੱਕ
ਤੇ ਸੌਂਫ ਨਾਲ ਮਿਲਕੇ
ਲੁੱਕ ਲੁੱਕ ਕੇ
ਪਤਾਲ 'ਚ ਕਰਦੈ।

ਗੁਲਗੁਲਿਆਂ ਦਾ ਪ੍ਰਸ਼ਾਦ

ਸੰਗਤਾਂ 'ਚ ਵਰਤਾਅ ਕੇ

ਰੁੱਸੇ ਅੰਬਰਾਂ ਨੂੰ

ਮਨਾਉਣ ਦਾ ਇਲਮ

ਇਸ ਲਾਖੇ ਝੱਗੇ ਵਾਲੇ

ਮਿੱਠੇ ਫੱਕਰ ਸ਼ਾਹ ਕੋਲ ਹੀ ਐ।

ਇਸ਼ਕ ਦੀ ਤਬੀਅਤ ਦਾ ਰੰਗ

ਇਹ ਸੂਫੀ ਗੁੜ ਹੀ ਦੱਸ ਸਕਦੈ

ਇਸਦੀ ਮਿਠਾਸ ਦਾ ਰੰਗ ਕਦੇ ਵੀ

ਬਦਰੰਗ ਨਹੀਂ ਹੁੰਦਾ

ਗੁੜ ਮਿਠਾਸ ਦਾ ਲਿਬਾਸ ਨਹੀਂ ਪਾਉਂਦਾ

ਇਸਦੀ ਤਾਂ ਦੇਹ ਹੀ ਸ਼ਰਬਤ ਦੀ ਬਣੀ ਹੁੰਦੀ ਐ

ਸ਼ੱਕਰ, ਖੰਡ ਤੇ ਬੂਰਾ

ਇਸੇ ਸ਼ਰਬਤੀ ਬਾਬੇ ਦੀਆਂ ਜਾਨਸ਼ੀਨ ਨੇ।

ਗੁੜ ਮੋਹ 'ਚ ਗੜੁੱਚ

ਲੋਰੀ ਵਰਗਾ ਗੀਤ ਹੁੰਦੈ।

No comments:

Post a Comment