Monday, November 16, 2009

ਸੁਰਮੇਦਾਨੀ- ਟੋਭਾ

ਈਸ਼ਵਰ ਦਿਆਲ ਗੌੜ

ਦਰਿਆਵਾਂ ਦੀ ਗੋਦੀ ਵਿੱਚ ਬੈਠ ਕੇ
ਮਨੁੱਖ ਨੇ ਤਰਨਾਂ ਸਿੱਖਿਆ
ਪਰ ਪੈਰਾਂ ਨੂੰ ਤੁਰਨ ਦਾ ਚੱਜ
'ਟੋਭੇ' ਦੀ ਮੁਰਗਾਬੀ ਤੋਰ ਨੇ ਹੀ ਦੱਸਿਆ
'ਟੋਭਾ' ਮਹਿਜ਼
ਆਬ ਦੇ ਭਰੇ ਕਿਸੇ ਟੋਏ ਦਾ ਨਾਂ ਨਹੀਂ ਹੁੰਦਾ
ਚੰਨ ਨਾਲ ਕਲੋਲਾਂ ਕਰਦੀਆਂ ਸਮੁੰਦਰੀ ਤਰੰਗਾਂ ਨੂੰ
ਸੇਵਾ 'ਚ ਗਲਤਾਨ 'ਟੋਭਾ'
ਸ਼ਾਇਦ ਗਾਦ ਤੇ ਜਿਲਬ 'ਚ ਡੁੱਬੀ
ਲਵਾਰਸ ਲਾਸ਼ ਲਗਦੀ ਹੋਵੇ
ਪਰ 'ਟੋਭਾ' ਤਾਂ ਪਿੱਪਲ ਦੇ ਰੁੱਖ ਹੇਠ
ਬੈਠਾ ਉਹ ਅਲਮਸਤ ਸੂਫੀ ਹੈ
ਜੋ ਵਸਲ ਦੇ ਗੀਤ ਗਾਉਂਦੈ
ਜਿਸਦੀ ਰਬਾਬ ਮਿੱਟੀ ਦੀ ਉਮਰ ਦਾ ਇਤਿਹਾਸ
ਮਿੱਟੀ ਦੀ ਬੋਲੀ ਵਿੱਚ ਅਲਾਪਦੀ ਹੈ
ਅੱਧੀ ਰਾਤ ਦਾ ਲਾਹਾ ਤੱਕ ਕੇ
ਚਤੁਰ ਰਾਜ 'ਟੋਭੇ' ਚੋਂ ਸਿਰੋਂ ਉੱਚੀ
ਕੰਧ ਕੱਢ ਗਿਆ
ਇੱਕ ਫੱਕਰ ਦੀ ਕੁੱਲੀ ਦੀ
ਛੱਤ ਦੀ ਲਟੈਣ ਨੂੰ
ਸ਼ੈਤਾਨ ਲੱਕੜਹਾਰਾ ਦੋਫਾੜ ਕਰ ਗਿਆ
ਇੱਕੋ ਢਾਬ ਦੇ ਕਿਨਾਰੇ
ਟਹਿਕਦੇ ਦੋ ਬਰੋਟੇ
ਵੱਖ ਵੱਖ ਰਾਹਾਂ ਤੇ ਤੁਰ ਪਏ

ਦਰਿਆਵਾਂ ਦਾ ਕੀ ਸੀ!
ਸ਼ੂਕਦੇ ਸ਼ੂਕਦੇ ਅਗਾਂਹ ਨਿਕਲ ਗਏ

'ਟੋਭਾ' ਤਾਂ ਸਾਰੀ ਰਾਤ ਕੰਬਦਾ ਰਿਹਾ
ਥਰ ਥਰਾਉਂਦਾ ਰਿਹਾ

'ਟੋਭੇ' ਦੇ ਢਿੱਡ 'ਚੋਂ
ਮਿੱਟੀ ਕੱਢ ਕੱਢ ਕੇ
ਖਾਨਾਬਦੋਸ਼ ਮਨੁੱਖ ਨੇ ਆਪਣੇ ਵਸੇਬੇਂ ਉਸਾਰੇ
ਕੰਧਾਂ ਤੇ ਓਟੇ ਬਣਾਏ
ਉਨਾਂ ਨੂੰ ਚਿਤਰਿਆ
'ਟੋਭੇ' ਤੇ ਪਾਣੀ ਪੀਣ ਆਉਂਦੇ ਪੰਛੀ
ਬਨੇਰਿਆਂ ਤੇ ਬੈਠਣ ਲੱਗੇ
ਢਾਬ ਕਿਨਾਰੇ ਖਲੋਤੇ ਬਿਰਖ
ਮਨੁੱਖ ਦੇ ਵਿਹੜਿਆਂ 'ਚ ਵੀ ਝੂਮਣ ਲੱਗੇ
'ਟੋਭੇ' ਨੇ ਵੀ
ਮਨੁੱਖ ਦੇ ਵਸੇਂਬੇ
ਦੀਆਂ ਛੱਤਾਂ, ਕੰਧਾਂ, ਕੌਲਿਆਂ ਤੇ ਫਰਸ਼ਾਂ ਨੂੰ
ਆਪਣੇ ਪਿੰਡੇ ਦੀ ਚੀਕਣੀ ਮਿੱਟੀ
ਲਾਹ ਲਾਹ ਕੇ ਸੰਵਾਰਿਆ, ਪੋਚਿਆ ਤੇ ਲਿੱਪਿਆ
ਸੁੰਨਾ ਜੰਗਲ ਘੁੱਗ ‌ਗਰਾਂ ਬਣ ਜਿਉਣ ਲੱਗਾ।

ਬਰੋਟੇ, ਪੰਛੀਆਂ ਤੇ ਪੀਘਾਂ ਦੀ ਛਾਂ ਨੂੰ
ਆਪਣੀ ਛਾਤੀ ਨਾਲ ਲਾਉਂਦੇ ਹੀ
ਟੋਭਾ ਨਰਮਦਾ ਨੀਰ ਬਣ ਜਾਂਦੈ
ਮਾਘੀ ਨੂੰ ਪਹਿਰ ਦੇ ਤੜਕੇ

ਪਿੰਡ ਇਸ ਨੀਰ 'ਚ ਟੁੱਭੀ ਮਾਰ
ਆਪਣੇ ਪਿੰਡੇ ਨੂੰ ਸੁੱਚਾ ਕਰਦੈ
'ਮਨ ਦਾ ਮੈਲ ਗੁਮਾਨ'
ਗਾਦ ਬਣ ਥੱਲੇ ਬਹਿ ਜਾਂਦੈ
ਤੇ ਕਦੇ ਕਦਾਈਂ
ਕੋਈ 'ਸੁਲਫੇ ਦੀ ਲਾਟ'
ਅੱਗ ਦਾ ਲਿਬਾਸ ਪਹਿਨ ਕੇ
ਟੋਭੇ 'ਚ ਤੀਰਥ ਨਹਾਉਣ ਆਉਂਦੀ ਹੈ।

ਦਰਿਆਵਾਂ ਵਾਂਗ ਇਸਦੇ ਕੰਢਿਆਂ ਤੇ ਸੁਦਾਗਰ ਨਹੀਂ ਲੱਥਦੇ
ਟੋਭੇ ਦੇ ਪੱਤਣਾ ਤੇ
ਛਣਕਦੀਆਂ ਵੰਗਾਂ
ਤੇ ਸ਼ਗਨਾਂ ਦੇ ਦੁਪੱਟੇ ਉਤਰਦੇ ਹਨ
ਦਰਵੇਸ਼ ਟੋਭਾ ਤਾਂ
ਮੇਲ ਮਿਲਾਪ ਦੀ ਸੱਥ ਹੁੰਦੈ
ਸਮਾਂ ਤੇ ਸਥਾਨ
ਆਪਣੀ ਆਪਣੀ ਬਾਤ
ਇਸਦੀ ਕੋਰੀ ਕੱਚੀ ਸੁਬਾਤ 'ਚ ਬਹਿ ਕੇ ਹੀ ਪਾਉਂਦੇ ਨੇ।
ਪਰ ਅੱਜ ਸਵੇਰ ਤੋਂ ਹੀ
ਟੋਭੇ ਦੀ ਦੇਹ
ਤੁਪਕਾ ਤੁਪਕਾ
ਊਣੀ ਹੁੰਦੀ ਜਾ ਰਹੀ ਹੈ
ਉਸਦੇ ਗਾਤ 'ਚ
ਚੂਲੀ ਭਰ ਪਾਣੀ ਰਹਿ ਗਿਆ ਹੈ

ਉਸਨੂੰ ਸੋਕੇ ਦਾ ਰੋਗ ਹੋ ਗਿਆ ਹੈ
ਚਮੜੀ ਉੱਤੇ ਪਾਪੜੀ ਜਿਹੀ ਜੰਮ ਕੇ
ਚਰਮਰਾ ਰਹੀ ਹੈ
ਬਾਬਾ ਟੋਭਾ
ਆਪਣੀ ਤਿੜਕੀ ਦੇਹ ਦੇ ਦਰਦ ਨਾਲ
ਕੁਰਲਾ ਰਿਹੈ!!!

No comments:

Post a Comment