Tuesday, November 24, 2009

ਸੁਰਮੇਦਾਨੀ- ਫੁਲਕਾਰੀ

ਈਸ਼ਵਰ ਦਿਆਲ ਗੌੜ

ਲੋਕ ਹੁਨਰ ਦੀ ਜਿੰਦ ਜਾਨ
ਫੁਲਕਾਰੀ
ਸ਼ਗਨਾ ਵਾਲੇ ਰੰਗਾਂ 'ਚ ਲਿਪਟੀ
ਆਪਣੀ ਧਰਤੀ ਦੇ ਗੀਤ ਗਾਉਂਦੀ
ਰੀਝਾਂ ਤੇ ਸੱਧਰਾਂ ਦਾ ਸਫਰ ਕਰਦੀ
ਇੱਕ ਸੁਰਾਂਗਲ ਕੁੜੀ ਦਾ ਨਾਓਂ ਸੀ
ਜਿਸਦੇ ਰੂਪ ਰੰਗ ਦਾ ਕੋਈ ਸਾਨੀ ਨਹੀਂ ਸੀ
ਉਂਝ ਬਾਗ, ਚੋਪ, ਸੁੱਬਰ
ਤਿਲ ਪੱਤਰਾ, ਨੀਲਕ,
ਘੁੰਗਟਬਾਗ ਤੇ ਛੱਮਾਸ ਵੀ
ਫੁਲਕਾਰੀ ਦੀਆਂ ਸਾਥਣਾਂ ਸਨ
ਪਰ ਫੁਲਕਾਰੀ ਤਾਂ ਫੁਲਕਾਰੀ ਹੀ ਸੀ

ਸਿਆਣੇ ਆਖਦੇ ਨੇ
ਕਿ ਇਹ ਮੱਧ ਏਸ਼ੀਆ ਦੇ ਖਾਨਾਂ ਬਦੋਸ਼
ਜੱਟਾਂ ਤੇ ਗੁੱਜ਼ਰਾਂ ਦੀ ਧੀ ਝਨਾਂ ਵਿੱਚ ਨਹਾਉਂਦੀ
ਸਿੰਧ, ਰਾਵੀ, ਸਤਿਲੁਜ, ਬਿਆਸ ਦੇ ਪੱਤਣਾਂ ਤੇ ਖੇਡਦੀ
ਦੁਆਬੇ ਦੀਆਂ ਅੰਬੀਆਂ ਚੂਪਦੀ
ਟਿੱਬਿਆਂ ਉੱਤੇ ਟੱਪਦੀ
ਮਾਲਵੇ ਦੀਆਂ ਕਾਲੀਆਂ ਰੋਹੀਆਂ ਦੀ ਰੂਹ ਸੀ

ਗੁਲਕਾਰੀ ਤੋਂ ਫੁਲਕਾਰੀ ਨਾਉਂ ਇਸਦਾ
ਅੰਤਾਂ ਦਾ ਮਕਬੂਲ ਹੋਇਆ
ਤੇ ਲੋਕ ਗੀਤ ਬਣ ਗਿਆ
ਜੋ ਪਿਆਰ, ਉਮੰਗ, ਖੈਰ, ਦੁਆ ਤੇ ਆਮੀਨ
ਦੇ ਸੁਰਾਂ ਤੇ ਥਿਰਕਦਾ ਸੀ।
ਧੀਰਜ ਅਤੇ ਸਹਿਜਤਾ
ਫੁਲਕਾਰੀ ਦੇ ਪੈਰ ਸਨ
ਫੁਲਕਾਰੀ ਨੂੰ ਕੱਢਦੇ ਕੱਢਦੇ
ਸਾਹਾਂ ਦੀ ਫੁਲਕਾਰੀ
ਆਪਣੇ ਜੀਵਨ ਦੇ ਤੋਪਿਆਂ 'ਚ ਰੁਝ ਜਾਂਦੀ
ਵਰ੍ਹਿਆਂ ਦੀ ਤੱਪਸਿਆ ਬਾਅਦ
ਫੁਲਕਾਰੀ ਆਪਣੇ ਹੁਸਨ ਵਿੱਚ
ਰੂਹ ਫੂਕਣ ਦੇ ਕਾਬਲ ਹੁੰਦੀ
ਇਸ ਉੱਤੇ ਕੱਢੀਆਂ ਬੂਟੀਆਂ ਅਤੇ ਚਿੱਤਰ
ਸੁਰਾਂਗਲ ਕੁੜੀ ਦੀ ਰੰਗ-ਸੂਝ, ਰੰਗ-ਮੇਲ,
ਕਲਪਨਾਂ ਦੀ ਉਡਾਣ ਤੇ ਮੌਲਿਕਤਾ
ਦੇ ਚਸ਼ਮਦੀਦ ਗਵਾਹ ਹੁੰਦੇ ਸਨ।

ਕਿਸੇ ਇੱਕ ਰੰਗ ਦੀ ਸ਼ੁਦੈਣ ਦਾ ਨਾਂ
ਫੁਲਕਾਰੀ ਨਹੀਂ ਸੀ
ਇਹ ਤਾਂ ਰੰਗ-ਬਰੰਗੇ ਸੂਟਾਂ ਦੀ ਸ਼ੌਕੀਨ ਮਜਾਜਣ
ਸੱਤ-ਰੰਗੀ ਪੀਂਘ ਸੰਗ
ਆਸਮਾਨ ਜਿੱਡੇ ਉੱਚੇ ਹੁਲਾਰੇ ਲੈਂਦੀ
ਰਲੋਟਣ,ਹਸੂੰ ਹਸੂੰ ਕਰਦੀ ਲਰਜ਼ਦੀ
ਪਾਣੀ ਦੀ ਭਰੀ ਗਾਗਰ
ਪੰਜ-ਆਬਾਂ ਦੀ ਮੁਟਿਆਰ ਵਰਗੀ ਹੁੰਦੀ ਸੀ

ਫੁਲਕਾਰੀਸੁਹੱਪਣ ਦੀ ਸ਼ਿਖਰ
ਆਪਣੇ ਸੂਹੇ ਰੁਖਸਾਰਾਂ ਨੂੰ ਰੇਸ਼ਮੀ ਕਲਫ ਨਾਲ
ਵੀ ਸਜਾਉਂਦੀ
ਟੋਕ ਦੀ ਸ਼ਰਾਰਤ ਤੋਂ ਜਾਣੂ ਜੋ ਹੁੰਦੀ ਸੀ।

ਪਰ ਫੁਲਕਾਰੀ ਨਜ਼ਰ ਲੱਗਣ ਤੋਂ ਬਚ ਨਾ ਸਕੀ
ਅਨੇਕਾਂ ਵਾਰ ਇਸਦਾ
ਲਾਚੀਆਂ ਦਾ ਬਾਗ ਉੱਜੜਿਆ
ਪੰਜ ਦਰਿਆਵਾਂ ਦੀ ਲਾਡੋ
ਲੀਰੋ ਲੀਰ ਵੀ ਹੋਈ
ਸ਼ੈਤਾਨ ਰਾਹਾਂ ਨੇ
ਇਸਦੇ ਪੈਰਾਂ ਤੋਂ
ਇਸਦੀ ਤੋਰ ਖੋਹ ਲਈ
ਪਰ ਇਹ ਸਿਆਣੀ ਸੀ
ਹੌਲੇ ਹੌਲੇ
ਆਪਣੇ ਰੰਗਾਂ ਨੂੰ ਫਿੱਟਣ ਤੋਂ ਬਚਾਉਂਦੀ ਨੇ
ਤੇਜ਼ਾਬ ਦੇ ਬੋਸਿਆਂ ਤੋਂ ਡਰਦੀ ਨੇ
ਆਪਣੇ ਆਪ ਨੂੰ ਆਪਣੀ ਮਾਂ ਦੇ ਸੰਦੂਕ 'ਚ ਲੁਕੋ ਲਿਆ
ਤੇ ਫੇਰ ਮੁੱਦਤਾਂ ਬੀਤ ਗਈਆਂ
ਫੁਲਕਾਰੀ ਨੂੰ ਨੀਂਦ ਆ ਗਈ
ਇੱਕ ਦਿਨ ਅੱਖ ਖੁੱਲੀ,
ਫੁਲਕਾਰੀ ਨੇ
ਸੰਦੂਕ ਦੀਆਂ ਝੀਥਾਂ ਚੋਂ ਬਾਹਰ ਝਾਤ ਮਾਰੀ
ਵੇਖਿਆ ਕਿ ਸਭ ਕੁਝ ਬਦਲ ਗਿਆ ਸੀ
ਸੂਈ, ਧਾਗਾ, ਰੰਗ, ਹੋਰ ਬਹੁਤ ਕੁਝ
ਵਿਹੜੇ 'ਚ ਨਹੀਂ
ਸਭ ਸੰਦੂਕ ਅੰਦਰ ਕੈਦ ਸਨ
ਸਾਹਮਣੇ ਕੰਧ ਤੇ
ਉਸਦੀ ਆਪਣੀ ਹੀ ਤਸਵੀਰ ਟੰਗੀ ਹੋਈ ਸੀ
ਉਸਦੇ ਗਲ 'ਚ ਫੁੱਲਾਂ ਦੀ ਮਾਲਾ ਲਟਕ ਰਹੀ ਸੀ।

3 comments:

  1. ਤੁਹਾਡੇ ਹੌਸਲਾ ਅਫਜਾਈ ਹੀ ਸਾਡੀ ਰੂਹ ਦੀ ਖੁਰਾਕ ਹੈ.. ਤੁਹਾਡੇ ਵੱਡਮੁਲੇ ਸੁਝਾਵਾਂ ਦੇ ਰਿਣੀ ਰਹਾਂਗੇ..

    ReplyDelete
    Replies
    1. This comment has been removed by the author.

      Delete
  2. wonderful, beautiful, Kamaal, bahut vadhiya....

    ReplyDelete