Sunday, November 15, 2009

ਸੁਰਮੇਦਾਨੀ- ਦਰਵਾਜ਼ਾ

ਈਸ਼ਵਰ ਦਿਆਲ ਗੌੜ


ਦਰਵਾਜ਼ਾ ਤਾਂ ਦਰਵੇਸ਼ ਹੁੰਦੈ
ਹਰ ਇੱਕ ਇਸ ਲਈ ਮਹਿਮਾਨ ਹੁੰਦੈ
'ਆਮਦ' ਨੂੰ ਜੀ ਆਇਆਂ ਆਖਣਾ

ਇਸਦੀ ਤਬੀਅਤ ਦਾ ਕਾਇਦੈ
ਪਰ 'ਵਿਦਾਇਗੀ' ਦੇ ਬਾਹਰ ਹੁੰਦਿਆਂ ਹੀ
ਝੱਟ ਬੰਦ ਹੋ ਜਾਣਾ ਇਸਦੀ ਰਸਮ ਨਹੀਂ
ਕੁਝ ਪਲਾਂ ਲਈ 'ਰੁਖਸਤ' ਦੀ ਪਿੱਠ ਤੱਕਦੇ ਰਹਿਣਾ
ਉਸਦੇ ਸਲਾਮਤ ਸਫਰ ਲਈ ਸੁੱਖ ਸੁੱਖਣਾ
ਫਿਰ ਸੰਜੀਦਗੀ ਨਾਲ ਬੰਦ ਹੋ ਜਾਣਾ
ਦਰਵਾਜ਼ੇ ਦਾ ਸਲੀਕੈ


'ਮੋਹ' ਨੂੰ ਮਿਲਣ ਅਤੇ ਵਿਦਾ ਕਰਦਿਆਂ

ਸਰਦਲ ਤੋਂ ਦਹਿਲੀਜ਼ ਤੱਕ
ਇਸ ਦਰਵੇਸ਼ ਦੀ ਗਲਵੱਕੜੀ ਸੇਜਲ ਹੋ ਜਾਂਦੀ ਹੈ
ਮੱਥੇ ਤੋਂ ਹੀ ਬੰਦੇ ਅਤੇ ਉਸਦੇ ਘਰ ਦਾ
ਇਲਮ ਹੋ ਜਾਂਦੈ
ਉਂਝ ਲਿਖਿਆ ਵੀ ਸਭ ਕੁਝ
ਮੱਥੇ ਤੇ ਹੀ ਹੁੰਦੈ


ਹਦੂਦ ਵਿੱਚ ਵਿਚਰਣਾ ਦਰਵਾਜ਼ਾ ਹੀ ਸਿਖਾਉਂਦੈ

ਇਸ ਵਿੱਚੋਂ ਲੰਘਿਆ ਹੀ ਜਾਂਦੈ
ਇਸ ਨੂੰ ਉਲੰਘਣ ਵਾਲੀ ਘੜੀ
ਕੁਲ ਤੇ ਕਲੰਕ ਹੁੰਦੀ ਐ

ਜਿਸ ਵੇਲੇ ਇਹ ਬੰਦ ਹੁੰਦੈ
ਤਾਂ ਕੇਵਲ ਤਹਿਜ਼ੀਬ ਹੀ ਦਸਤਕ ਦੇਕੇ ਇਸਨੂੰ ਜਗਾਉਂਦੀ ਐ
ਧਾੜਵੀ ਇਸ ਨਾਲ ਟਕਰਾ ਕੇ

ਤੇ ਚੋਰ ਇਸ ਦਰਵੇਸ਼ ਦੀ ਚੂਲ ਲਾਹ ਕੇ

ਇਸ ਨਾਲ ਬਦਸਲੂਕੀ ਵੀ ਕਰ ਜਾਂਦੇ ਨੇ
ਪਰ ਲੋਕਾਈ
ਇਸਨੂੰ ਸਿਜ਼ਦਾ ਕਰ
ਝੋਲੀਆਂ ਭਰ
ਘਰਾਂ ਨੂੰ ਪਰਤ ਜਾਂਦੀ ਐ


ਦਰਵਾਜ਼ੇ ਦੇ ਕੌਲਿਆਂ ਨੂੰ
ਸ਼ਗਨਾਂ ਦੇ ਥਿੰਦ ਨੇ ਸਿੰਜਿਆ ਹੁੰਦੈ
ਆਪਣੇ ਯੋਧੇ ਪੁੱਤਾਂ ਦੀਆਂ
ਸੂਰਤਾਂ ਨੂੰ ਆਪਣੇ ਮੱਥੇ ਤੇ ਚਿਤਰਦੇ
ਪੀਰ, ਫਕੀਰ, ਗੁਰੂ, ਦੇਵੀ ਦੇਵਤੇ

ਦਰਵੇਸ਼ ਦਰਵਾਜ਼ੇ ਦੇ ਮੱਥੇ ਤੇ ਹੀ
ਆਪਣਾ ਆਸਣ ਸਜਾ
ਸ਼ੁਸ਼ੋਭਿਤ ਹੁੰਦੇ ਨੇ


ਦਰਵੇਸ਼ ਦਰਵਾਜ਼ਾ

ਕਦੇ ਆਪਣੇ ਆਪ ਨੂੰ
ਪਿੱਤਲ ਦੇ ਕੋਕਿਆਂ ਨਾਲ ਸਜਾਉਂਦੈ
ਕਦੇ ਪਿੱਤਲ ਦੇ ਕੁੰਡਿਆਂ ਦੇ ਕੁੰਡਲ ਬਣਾ
ਆਪਣੇ ਕੰਨਾਂ ਵਿੱਚ ਪਾ ਲੈਂਦੈ
ਤੇ ਗੁਰੂ ਗੋਰਖ ਨਾਥ ਬਣ
ਹਰ ਇੱਕ ਰਾਂਝੇ ਨੂੰ ਜੋਗ ਦਿੰਦੈ

ਵੇਲ ਬੂਟਿਆਂ ਨਾਲ ਚਿਤਰਿਆ

ਸ਼ਾਂਤ, ਅਡੋਲ ਤੇ ਅਟੱਲ
ਦਰਵੇਸ਼ ਦਰਵਾਜ਼ਾ
ਕਈ ਮਰਤਬਾ
ਆਪਣਾ ਜਨਮ ਵਰ੍ਹਾ ਵੀ
ਆਪਣੇ ਮੱਥੇ ਤੇ ਖੁਣ ਦਿੰਦੈ
ਤਾਂ ਜੋ ਜਾਨਸ਼ੀਨਾਂ ਨੂੰ
ਆਪਣੀ ਵਿਰਾਸਤ ਦਾ ਇਲਮ ਰਹੇ !!!

3 comments: