Monday, November 16, 2009

ਸੁਰਮੇਦਾਨੀ- ਪਹਾ

ਈਸ਼ਵਰ ਦਿਆਲ ਗੌੜ

ਪਹੇ ਨੇ ਪੈਰਾਂ ਨੂੰ
ਪੈੜਾਂ ਜਿੱਡਾ ਕੱਦਾਵਰ ਕਰ
ਪੈਰਾਂ ਦਾ ਇਤਿਹਾਸ ਸਿਰਜਿਆ

ਕਾਲੀਆਂ ਰੋਹੀਆਂ, ਸੈਂ ਸੈਂ ਕਰਦੇ ਜੰਗਲਾਂ
ਸੁੰਨੀਆਂ ਬੀੜਾਂ ਤੇ ਤਪਦੇ ਟਿੱਬਿਆਂ ਤੇ
ਭਟਕਦੇ ਘੁਮੱਕੜ ਪੈਰ
ਆਪਣੇ ਬਾਪੂ ਪਹੇ ਨੂੰ
ਕਈ ਸਦੀਆਂ ਤਲਾਸ਼ਦੇ ਰਹੇ
ਪਤਾ ਨਹੀਂ
ਕਿੰਨੀਆਂ ਹੀ ਹਾਕਾਂ, ਹੇਕਾਂ ਤੇ ਹੋਕਰੇ
ਉਨਾਂ ਪਹੇ ਦਾ ਥਹੁ ਪਤਾ ਲੱਭਣ ਲਈਮਾਰੇ ਹੋਣਗੇ!
ਅਵਾਰਾ ਪੈਰਾਂ ਦੀ ਉਂਗਲ ਫੜ
ਪਹਾ ਉਹਨਾਂ ਦਾ ਸਾਰਥੀ ਬਣ
ਉਹਨਾਂ ਦੇ ਨਾਲ ਤੁਰ ਪਿਆ
ਉਸਨੇ ਪੈਰਾਂ ਨੂੰ ਤੁਰਨ ਦਾ ਸਲੀਕਾ ਦੱਸਿਆ
ਪਹੇ ਦੀ ਸਰਪ੍ਰਸਤੀ ਹੇਠ
ਪੈਰ ਪੁਖਤਾ ਕਦਮ ਬਣ
ਸਫਰ ਦੇ ਸਫਲ ਸਵਾਰ ਹੋ ਗਏ
ਤੇ ਸਮੇਂ ਦੇ ਹਾਣ ਦੇ ਹੋ ਕੇ
ਪੈੜਾਂ ਅਖਵਾਉਣ ਲੱਗੇ।

ਪਹੇ ਨੇ ਪੈਰਾਂ ਦੀ ਪਰਵਰਿਸ਼ 'ਚ ਕੋਈ ਕਸਰ ਨਾ ਛੱਡੀ
ਉਹਨੇ ਆਪਣੇ ਵਿਹੜੇ 'ਚ ਰੁੱਖ ਲਾਏ
ਹੁਣ ਛਾਂ ਉਸ ਕੋਲ ਬੈਠਣ ਲੱਗੀ
ਤੇ ਪੈਰਾਂ ਦਾ ਸਫਰ ਸੁਖਾਵਾਂ ਹੋ ਗਿਆ

ਪਹੇ ਦੀਆਂ ਦਰਵੇਸ਼ ਧੀਆਂ
ਹਲਟੀ ਤੇ ਖੂਹੀ ਨੇ
ਬਾਬਲ ਦੇ ਵਿਹੜੇ 'ਚ ਝੂਮਦੇ ਰੁੱਖਾਂ ਤੇ
ਪੀਂਘਾਂ ਪਾ ਲਈਆਂ
ਸਫਰ ਤੇ ਸਵਾਰ ਪੈਰ
ਆਪਣੀਆਂ ਭੈਣਾ ਕੋਲ ਕੁਝ ਆਰਾਮ ਕਰਦੇ
ਤੇ ਫੇਰ ਆਪਣੇ ਪੈਂਡੇ ਨੂੰ ਤੁਰ ਪੈਂਦੇ
ਪਹੇ ਦੀਆਂ ਦੂਸਰੀਆਂ ਦੋ ਧੀਆਂ
ਪਗਡੰਡੀ ਤੇ ਬੀਹੀ ਨੇ
ਆਪਣੇ ਵੀਰਿਆਂ ਲਈ
ਘਰ ਪਰਤਣ ਦੇ ਰਾਹ ਸਾਫ ਸੁਥਰੇ ਤੇ ਪੱਧਰ ਕਰ ਦਿੱਤੇ।

ਬੇਜੁਬਾਨ ਲਾਸ਼ਾਂ ਵਰਗੀਆਂ ਸੜਕਾਂ ਅਤੇ
ਲੋਹੇ ਦੀਆਂ ਲੀਹਾਂ ਨੂੰ ਕੀ ਇਲਮ?
ਕਿ ਪੈਰ ਕਿਵੇਂ ਚਲਦੇ ਨੇ?
ਇਨਾਂ ਨੂੰ ਕੀ ਗਿਆਨ
ਕਿ ਲੰਮੀਆਂ ਲੰਮੀਆਂ ਪੁਲਾਂਘਾਂ
ਵਾਲੀ ਤੋਰ ਕੀ ਹੁੰਦੀ ਐ?
ਪੈਰਾਂ ਦੇ ਇਤਿਹਾਸ ਤੋਂ ਸੱਖਣੀਆਂ ਸੜਕਾਂ ਨੂੰ
ਪੈਰਾਂ ਦੀ ਹਿਰਨੀ, ਮੋਰਨੀ ਤੇ ਮੁਰਗਾਬੀ ਤੋਰ ਦਾ ਵੀ ਕੀ ਬੋਧ?

ਪਹੇ ਨੇ ਸਿਧਾਰਥ ਨੂੰ ਜੰਗਲਾਂ 'ਚ ਜਾਂਦੇ ਵੇਖਿਆ
ਤੇ ਬੁੱਧ ਬਣੇ ਨੂੰ
ਪਰਤਦੇ ਵੀ ਤੱਕਿਆ
ਪਹੇ ਦੇ ਰੋਮ ਰੋਮ ਨੇ
ਇਲਾਹੀ ਰਬਾਬ ਦਾ ਸਰਵਣ ਵੀ ਕੀਤਾ।

ਅਨੇਕਾਂ ਰੂਪ ਦੀਆਂ ਪਟਾਰੀਆਂ ਦੇ ਡੋਲ਼ੇ
ਪਹੇ ਤੇ ਰਹਿੰਦੀਆਂ ਹਲਟੀ ਤੇ ਖੂਹੀ ਦੀਆਂ ਮੌਣਾ ਤੇ ਰੁਕੇ
ਅਨੇਕਾਂ ਢੋਲੇ ਗਾਉਂਦੀਆਂ ਡਾਚੀਆਂ ਦੀਆਂ ਡਾਰਾਂ ਨੂੰ
ਬਾਬੇ ਪਹੇ ਨੇ ਰੱਜ ਕੇ ਨਿਹਾਰਿਆ

ਪਹਾ ਤਾਂ ਨਿਰੰਤਰ ਤੁਰਦਾ ਰਮਤਾ ਫੱਕਰ ਸੀ
ਮੁਹੱਬਤ ਦੇ ਇਸ ਕਾਸਦ ਨੂੰ
ਹਰ ਮੰਜਿਲ ਦਾ ਸਿਰਨਾਵਾਂ ਯਾਦ ਸੀ

ਮੰਜ਼ਿਲ ਦੇ ਨੇੜੇ ਅੱਪੜਦਿਆਂ ਹੀ
ਪਹਾ ਸਜਣਾ ਸ਼ੁਰੂ ਹੋ ਜਾਂਦਾ
ਇਸਦੀ ਖੇਸੀ ਦੀਆਂ ਕੰਨੀਆਂ ਲਿਸ਼ਕਣ ਲੱਗ ਜਾਂਦੀਆਂ
ਉਹਨਾਂ ਤੇ ਪਏ ਫੁੱਲ, ਬੇਲ, ਬੂਟੇ
ਆਪਣੀਆਂ ਧੌਣਾਂ ਚੁੱਕ ਚੁੱਕ
ਪਿੰਡ ਨੂੰ ਵੇਖਦੇ
ਹਸੂੰ ਹਸੂੰ ਕਰਦਾ
ਖਿੜੇ ਖਿੜੇ ਮੂੰਹ ਨਾਲ
ਪਹਾ, ਪੈਰਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾ ਕੇ ਹੀ
ਪਰਤਦਾ ਸੀ।
ਸਮਾਂ ਬੀਤਦਾ ਗਿਆ
ਚਲਦੇ ਪੈਰਾਂ ਨੇ
ਭੱਜਣਾ ਸ਼ੁਰੂ ਕਰ ਦਿੱਤਾ
ਉਹਨਾਂ ਦੀ ਚਾਲ ਵਿੱਚ ਤੇਜੀ ਆ ਗਈ
ਉਹ ਗੱਭਰੂ ਹੋ ਗਏ
ਪਹੇ ਤੋਂ ਲੰਮੇ ਹੋਏ
ਉਸਦੇ ਸਿਰ ਤੋਂ ਅਗਾਂਹ ਵੇਖਣ ਲੱਗੇ
ਪਹਾ ਸੁਪਨੇ ਸਿਰਜ ਰਿਹਾ ਸੀ
ਕਿ ਉਸਦੇ ਜਵਾਨ ਪੁੱਤ
ਉਸਨੂੰ ਬੜੀਆਂ ਰਸਮਾਂ ਨਾਲ
ਇਸ ਜੱਗ ਤੋਂ ਵਿਦਾ ਕਰਨਗੇ
ਉਸਦੀ ਮੋਈ ਦੇਹ ਨੂੰ ਸਿੱਲੀਆਂ ਅੱਖਾਂ ਨਾਲ ਦਾਗਣਗੇ
ਉਸਦੀ ਮਟੀ ਤੇ ਹਰ ਵਰੇ ਮੇਲਾ ਜੁੜਿਆ ਕਰੇਗਾ।
ਆਪਣੀ ਵਿਦਾਇਗੀ ਨੂੰ ਇਸ ਤਰਾਂ ਤਸੱਵਰ ਕਰਦਾ
ਜਦ ਬਿਰਧ ਪਹਾ ਖੰਘਿਆ
ਕਿ ਭੱਜਦੇ ਪੈਰਾਂ ਨੂੰ ਗੁੱਸਾ ਆ ਗਿਆ
ਖੰਘ ਨੇ ਉਹਨਾਂ ਦੀ ਭਾਜ ਵਿੱਚ ਖਲਲ ਪਾ ਦਿੱਤਾ
ਕ੍ਰੋਧ 'ਚ ਆਏ ਪੈਰਾਂ ਨੇ
ਜਿਉਂਦੇ ਪਹੇ ਤੇ ਹੀ
'ਕਾਲਾ ਕਫਨ' ਪਾ ਦਿੱਤਾ
ਰੋੜੀ ਤੇ ਲੁੱਕ ਦੀ ਉਹਨਾਂ
ਪਹੇ ਦੀ ਮੜੀ ਵੀ ਉਸਾਰ ਦਿੱਤੀ
ਛਾਂ ਵਾਂਗ ਥੱਲੇ ਵਿਛੇ ਪਿਉ ਨੂੰ ਦੇਖ
ਖੂਹੀ ਤੇ ਹਲਟੀ ਤਾਂ ਥਾਂਏ ਹੀ
ਗਸ਼ ਖਾ ਕੇ ਫੌਤ ਹੋ ਗਈਆਂ
ਪਗਡੰਡੀ ਤੇ ਬੀਹੀ ਨੂੰ
ਜਦ ਕੁਝ ਦਿਨਾ ਬਾਅਦ
ਇਸ ਅਣਹੋਣੀ ਦਾ ਸਮਾਚਾਰ ਮਿਲਿਆ
ਉਹ ਬ੍ਰਿਹਾ ਦੇ ਵਿਛੋੜੇ ਦੀ ਝੁੰਬ ਮਾਰ
ਵੈਣ ਪਾਉਂਦੀਆਂਪਤਾ ਨਹੀਂ ਕਿਧਰ ਚਲੀਆ ਗਈਆ..?

4 comments:

  1. ਤੁਹਾਡੇ ਹੌਸਲਾ ਅਫਜਾਈ ਹੀ ਸਾਡੀ ਰੂਹ ਦੀ ਖੁਰਾਕ ਹੈ.. ਤੁਹਾਡੇ ਵੱਡਮੁਲੇ ਸੁਝਾਵਾਂ ਦੇ ਰਿਣੀ ਰਹਾਂਗੇ..

    ReplyDelete
  2. ·٠• ਇਸ਼ਕ ਨਾ ਕਰਦਾ ਖੈਰ ਦਿਲਾ •٠·
    ਇਸ਼ਕ ਕੀ ਹੈ? ਦੋ ਦਿਲਾਂ ਦੇ ਧੜਕਣ ਦਾ ਨਾਮ ਹੈ ਇਸ਼ਕ, ਭਾਵਨਾਵਾਂ ਦਾ ਤੂਫਾਨ ਹੈ ਇਸ਼ਕ, ਇੱਕ-ਦੂਜੇ ਦੀ ਚਾਹਤ ਵਿੱਚ ਕੁਝ ਕਰ ਗੁਜਰਨ ਦਾ ਜਜਬਾ ਹੈ ਇਸ਼ਕ। ਇਸ਼ਕ ਸਿਰਫ ਇਸ਼ਕ ਹੈ ਅਤੇ ਜਦੋਂ ਇਸ਼ਕ ਹੋ ਜਾਂਦਾ ਹੈ ਤਾਂ ਆਸ਼ਿਕ ਇਸਦੇ ਬਦਲੇ ਵਿੱਚ ਕੁਝ ਪਾਉਣ ਦੀ ਇੱਛਾ ਨਹੀਂ ਰੱਖਦੇ ਸਿਵਾਏ ਇਸ਼ਕ ਦੇ। ਕਿਉਂਕਿ ਮੁਹੱਬਤ ਅਜ...

    ReplyDelete
  3. " ਮੰਨਿਆ K ਮੂਡੀ ਹੈਗੇ G ਮੈਡਮ ਫੁਕਰੇ ਨਾ "========================= ਪਸੰਦ ਹੈ

    ReplyDelete