Tuesday, November 17, 2009

ਸੁਰਮੇਦਾਨੀ- ਖੂਹ

ਈਸ਼ਵਰ ਦਿਆਲ ਗੌੜ

ਅੰਨ-ਜਲ
ਦੁੱਧ-ਪੁੱਤ
ਖੂਹ 'ਚ ਗੋਤਾ ਮਾਰ ਕੇ ਹੀ
ਸਿਰਜੇ ਜਾਂਦੇ ਨੇ
ਆਪਣੀ ਹੀ ਮਿੱਟੀ ਦੀ ਅਥਾਹ ਗਹਿਰਾਈ
ਕੁੱਖ, ਖੂਹ ਤਾਂ ਜੀਵਨ ਦੇ ਜ਼ਖੀਰੇ ਹੁੰਦੇ ਨੇ
ਪੁੱਤਾਂ ਨੂੰ ਪਾਲਦੇ ਨੇ
ਮਾਰੂਥਲ ਦੇ ਮੁਕੱਦਰ
ਤਾਂ ਕੇਵਲ ਸੁਪਨਿਆਂ 'ਚ ਹੀ
ਖੂਹਾਂ ਦੀਆਂ ਮੌਣਾ ਤੇ ਖੇਲਦੇ ਨੇ

ਗੂੰਜ ਤਾਂ ਗਹਿਰਾਈ ;ਚੋਂ ਹੀ ਉੱਠਦੀ ਹੈ

ਖੂਹ ਦੀ ਮੌਣ

ਖਵਾਜ਼ਾ ਪੀਰ ਦਾ ਪਾਕੀਜ਼ ਦਰ ਹੁੰਦੀ ਹੈ
ਤਿੱਥ ਤਿਉਹਾਰ ਤੇ
ਸੁਭਾਗੇ ਕਾਰਜ ਵੇਲੇ
ਇਸ ਪਾਕ ਦੇਹਲੀ ਤੇ
ਅਨੇਕਾਂ ਚਿਰਾਗ ਸੰਗਤ
ਦੇ ਸਿਰ ਤੇ ਪਲਾਥੀ ਮਾਰ ਕੇ
ਖਵਾਜ਼ਾ ਪੀਰ ਦੀ ਆਰਤੀ ਉਤਾਰਦੇ ਨੇ
ਤਮਾਮ ਉਮਰ ਭਰ ਦਾ ਸਿਜਦਾ

ਚੱਕ ਵਰਗੇ ਜਤੀ ਸਤੀ ਹੀ
ਖੂਹ ਦੀ ਗਹਿਰਾਈ ਵਿੱਚ ਉੱਤਰ ਕੇ ਕਰਦੇ ਨੇ

ਖੂਹ 'ਚ ਗੋਤੇ ਦੀ ਲਾਲਸਾ ਨੇ
ਲੂਣਾ ਨੂੰ ਸ਼ੁਦੈਣ ਬਣਾ ਦਿੱਤਾ ਸੀ

ਵਰਨਾ ਪੂਰਨ ਨੂੰ ਕੌਣਖੂਹ 'ਚ ਉਤਾਰਦਾ ਸੀ?




ਰਾਤ ਨੂੰ ਫਲਕ ਤੋਂ ਚੰਨ ਨਿਖਰਣ ਲਈ
ਖੂਹ 'ਚ ਉੱਤਰ ਆਉਂਦੈ
ਝਨਾਂ ਤਾਂ ਡੋਬੂ ਛੱਲ ਦਾ ਨਾਂ ਹੈ
ਖੂਹ ਤਾਂ ਮਿੱਟੀ 'ਚ ਖੁੱਭ ਕੇ
ਜਿਉਣ ਦਾ ਜਨੂੰਨ ਐ!

ਖੂਹ ਦੀ ਗਹਿਰਾਈ
ਬੰਦੇ ਨੂੰ ਹਦੂਦ 'ਚ ਚੱਲਣਾ ਸਿਖਾਉਂਦੀ ਐ
ਭੁੱਖ, ਕਾਮ, ਕ੍ਰੋਧ, ਮੋਹ, ਦੇ ਖੂਹ 'ਚ ਡੁਬਿੱਆ ਮਾਨਸ
ਗਹਿਰਾ ਨਹੀਂ ਗਰਕ ਹੋ ਜਾਂਦੈ

ਖੂਹ ਦੀ ਮੌਣ ਤੇ
ਖੂਹ ਜਿੱਡਾ ਗਹਿਰਾ ਬਜ਼ੁਰਗ ਹੀ ਬੈਠਦੈ
ਜਾਂ ਖੁਹ ਜਿੰਨੀਆਂ ਗਹਿਰੀਆਂ ਅੱਖਾਂ
ਇਸਦੇ ਪੱਤਣਾ ਤੇ ਖਲੋ ਕੇ
ਸੁਰਮਾਂ ਪਾਉਂਦੀਆਂ ਨੇ
ਸੁਰਮੇਦਾਨੀ ਦੀ ਕੀ ਹਿੰਮਤ
ਕਿ ਖੂਹ ਵਰਗੀ ਅੱਖ ਨੂੰ ਭਰ ਦੇਵੇ।

ਪਿੰਡ ਦੀ ਜੂਹ ਤੋਂ ਬਾਹਰ ਖਲੋਤਾ ਖੂਹ
ਖੂਹ ਵਰਗੇ ਦਾਨੀ ਪੁਰਖ ਹੀ ਉਸਾਰਦੇ ਨੇ
ਪਿੰਡ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ
ਪਿੰਡ ਦੇ ਪਿੰਡੇ ਦੀ ਮਹਿਕ ਦਾ ਇਲਮ ਹੋ ਜਾਂਦੈ
ਪਾਂਧੀ ਬਿਨਾਂ ਭੈਅ ਤੋਂ
ਰਾਤ ਬਸਰ ਕਰ
ਸਵੇਰੇ ਆਪਣੇ ਪੈਂਡੇ ਤੇ ਤੁਰ ਪੈਂਦੇ ਹਨ
ਰਾਹਗੀਆਂ, ਮੁਸਾਫਿਰਾਂ ਦੇ ਪੜਾਅ ਹੁੰਦੇ ਨੇ ਖੂਹ
ਅਤੇ ਉਹਨਾਂ ਦੇ ਹਮਸਫਰ ਵੀ
ਖੂਹ ਨੂੰ ਭੁੱਲਣਾ
ਤਾਂ ਜੂਹ ਨੂੰ ਭੁੱਲਣੈ
ਖੁਹ ਤੋਂ ਜੁਦਾ ਹੋਣਾ
ਤਾਂ ਸਵੈ ਤੋਂ ਜੁਦਾ ਹੋਣੈ
ਸਵੈ ਤੋਂ ਜੁਦਾਈ
ਤਾਂ ਖੁਦਕੁਸ਼ੀ ਹੁੰਦੀ ਐ!

No comments:

Post a Comment