Tuesday, November 10, 2009

ਨਕਸਲੀ ਪੰਜਾਬੀ ਕਵਿਤਾ- ਮੇਰੇ ਮਹਿਬੂਬ

ਮੈਂ ਦਾਤੀ ਚੁੱਕ ਕੇ ਖੇਤ ਨੂੰ ਤੁਰਿਆ ਹਾਂ
ਬੜਾ ਸ਼ਰਾਰਤੀ ਹੈ ਸਾਡੇ ਪਹੇ ਦਾ ਭੱਖੜਾ
ਜੁੱਤੀ ਦੀ ਵਿਰਲ ਥਾਣੀਂ ਚੂੰਢੀ ਵੱਢ ਗਿਆ ਹੈ
ਤੇ ਕਹਿੰਦਾ ਹੈ:
ਤੂੰ ਮੇਰਾ ਗੁੱਸਾ ਨਹੀਂ ਕਰਦਾ
ਬੜੀ ਪੁਰਾਣੀ ਯਾਰੀ ਏ
ਪਰ ਉਹ ਵਿਛੀਆਂ ਦਰੀਆਂ ਤੇ ਚੱਲਣ ਵਾਲੀ ਸ਼ਹਿਜ਼ਾਦੀ
ਭੱਖੜੇ ਨੂੰ ਦਿਉਰ ਕਿਉਂ ਅਖੇਗੀ?
ਚੂੰਢੀਆਂ ਕਿਉਂ ਸਹਾਰੇਗੀ?

ਕਦੇ ਕਦੇ ਮਾਂ ਦੇ ਚੌਂਕੇ 'ਚ ਬਹਿਕੇ
ਮੈਂ ਯਾਦਾਂ ਚੋਂ ਮਾਨਣ ਲੱਗਦਾ ਹਾਂ
ਤੇਰੇ ਸੰਗ ਬਹਿਕੇ ਭਰੇ ਕੌਫੀ ਦੇ ਘੁੱਟ
ਪਰ ਮੇਰੀ ਖਿੱਲੀ ਉਡਾ ਦਿੰਦੇ ਨੇ
ਸਾਡੀ ਟੋਕਰੀ 'ਚ ਪਏ ਤਿੜਕੇ ਗਲਾਸ
ਸਾਡੇ ਚੁੱਲੇ ਤੇ ਪਈ ਬੋੜੀ ਪਤੀਲੀ
ਤੇ ਭੜੋਲੀ ਦੇ ਥੱਲੇ ਨਾਲ ਲੱਗਿਆ
ਪੱਤ ਚੜੀ ਵਾਲਾ ਗੁੜ

ਸੱਚ ਜਾਣੀ.. ਮੇਰੇ ਮਹਿਬੂਬ
ਮੈਨੂੰ ਤਾਂ ਭਰੋਸਾ ਹੈ ਤੇਰੇ ਵੈੱਲ ਬਾਟਮ ਤੇ
ਪਰ ਅਲੇਹਿਆਂ ਤੇ ਪੋਲ੍ਹੀਆਂ ਦੇ ਤਿੱਖੜੇ ਮਖੌਲ
ਮੇਰਾ ਵਿਸ਼ਵਾਸ਼ ਤੋੜ ਜਾਂਦੇ ਨੇ..!!

ਓਮ ਪ੍ਰਕਾਸ਼ ਸ਼ਰਮਾ- 'ਲੱਪ ਚਿਣਗਾਂ ਦੀ'

No comments:

Post a Comment